ਚੰਡੀਗੜ੍ਹ, 16 ਅਪ੍ਰੈਲ 2022 – ਭਗਵੰਤ ਮਾਨ ਸਰਕਾਰ ਨੂੰ ਅੱਜ ਇੱਕ ਮਹੀਨਾ ਪੂਰਾ ਹੋ ਰਿਹਾ ਹੈ। ਭਗਵੰਤ ਮਾਨ ਨੇ 16 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਮਾਨ ਨੇ ਸਰਕਾਰ ਨੂੰ ਇਕ ਮਹੀਨਾ ਪੂਰਾ ਹੋਣ ‘ਤੇ ਇਸ਼ਤਿਹਾਰਾਂ ਰਾਹੀਂ ਆਪਣੀਆਂ ਪ੍ਰਾਪਤੀਆਂ ਵੀ ਗਿਣਾਈਆਂ ਹਨ।
ਕੁਝ ਦਿਨ ਪਹਿਲਾਂ ਪੰਜਾਬ ‘ਚ ਮੁਫਤ ਬਿਜਲੀ ਦੇ ਮੁੱਦੇ ‘ਤੇ ਸਿਆਸੀ ਵਿਵਾਦ ਛਿੜ ਗਿਆ ਸੀ। ਪੰਜਾਬ ਦੇ ਮੁੱਖ ਸਕੱਤਰ ਸਮੇਤ ਬਿਜਲੀ ਨਿਗਮ ਦੇ ਵੱਡੇ ਅਫਸਰਾਂ ਨੇ ਦਿੱਲੀ ਜਾ ਕੇ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸੁਪਰ ਸੀਐਮ ਬਣ ਕੇ ਕੰਮ ਕਰ ਰਹੇ ਹਨ। ਹਾਲਾਂਕਿ, ਸੀਐਮ ਮਾਨ ਨੇ ਜਲੰਧਰ ਵਿੱਚ ਕਿਹਾ ਕਿ ਉਨ੍ਹਾਂ ਨੇ ਅਫਸਰਾਂ ਨੂੰ ਸਿਖਲਾਈ ਲਈ ਭੇਜਿਆ ਹੈ। ਜੇਕਰ ਲੋੜ ਪਈ ਤਾਂ ਅਸੀਂ ਇਸ ਨੂੰ ਹੋਰ ਰਾਜਾਂ ਨੂੰ ਵੀ ਭੇਜਾਂਗੇ।
ਮੁੱਖ ਮੰਤਰੀ ਭਗਵੰਤ ਮਾਨ ਅੱਜ 1 ਜੁਲਾਈ ਤੋਂ ਪੰਜਾਬ ਵਿੱਚ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰਨਗੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਇਹ ਸਭ ਤੋਂ ਵੱਡਾ ਵਾਅਦਾ ਸੀ। ਜਿਸ ਤਹਿਤ ਹਰ ਘਰੇਲੂ ਖਪਤਕਾਰ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫਤ ਮਿਲੇਗੀ।
ਪੰਜਾਬ ਸਿਰ ਕਰੀਬ 3 ਲੱਖ ਕਰੋੜ ਦਾ ਕਰਜ਼ਾ ਹੈ। ਹੁਣ 300 ਯੂਨਿਟ ਮੁਫ਼ਤ ਬਿਜਲੀ ਸਰਕਾਰੀ ਖ਼ਜ਼ਾਨੇ ‘ਤੇ ਹਰ ਸਾਲ ਕਰੀਬ 5 ਹਜ਼ਾਰ ਕਰੋੜ ਰੁਪਏ ਦਾ ਬੋਝ ਵਧਾਏਗੀ। ਪੰਜਾਬ ਪਹਿਲਾਂ ਹੀ ਖੇਤੀ ਸੈਕਟਰ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਿਹਾ ਹੈ। ਇਸ ਤੋਂ ਇਲਾਵਾ SC, BC ਅਤੇ BPL ਪਰਿਵਾਰਾਂ ਨੂੰ 200 ਯੂਨਿਟ ਬਿਜਲੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਦੇਣ ਦਾ ਵੀ ਵਾਅਦਾ ਕੀਤਾ ਹੈ। ਮਾਹਿਰਾਂ ਮੁਤਾਬਕ ਇਸ ਨਾਲ ਸਰਕਾਰ ‘ਤੇ ਕਰੀਬ 15 ਹਜ਼ਾਰ ਕਰੋੜ ਰੁਪਏ ਦਾ ਬੋਝ ਵਧੇਗਾ।
ਮਾਨ ਨੇ ਇਹ ਪ੍ਰਾਪਤੀਆਂ ਗਿਣਾਈਆਂ…..
- ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ 9501200200 ਸ਼ੁਰੂ ਕੀਤੀ।
- 25 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ ਦਾ ਐਲਾਨ
- 35 ਹਜ਼ਾਰ ਠੇਕਾ ਆਧਾਰਿਤ ਕਾਮੇ ਪੱਕੇ ਕੀਤੇ ਜਾਣਗੇ
- ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਨਾ ਵਧਾਉਣ ਦੇ ਨਿਰਦੇਸ਼
- ਗੈਂਗਸਟਰ ਵਿਰੋਧੀ ਟਾਸਕ ਫੋਰਸ ਦਾ ਗਠਨ
- ਦਿਹਾਤੀ ਵਿਕਾਸ ਫੰਡ ਲਈ 1000 ਕਰੋੜ ਤੋਂ ਵੱਧ ਅਲਾਟ ਕੀਤੇ ਗਏ ਹਨ
- ਕਿਸਾਨਾਂ ਨੂੰ 101 ਕਰੋੜ ਦਾ ਮੁਆਵਜ਼ਾ
- ਇੱਕ ਵਿਧਾਇਕ – ਇੱਕ ਪੈਨਸ਼ਨ
- ਸਾਰੇ ਵਿਧਾਇਕਾਂ ਦੀ ਵਾਧੂ ਸੁਰੱਖਿਆ ਵਾਪਸ ਲਈ ਜਾਵੇ
- 23 ਮਾਰਚ ਨੂੰ ਸ਼ਹੀਦੀ ਦਿਵਸ ‘ਤੇ ਸਰਕਾਰੀ ਛੁੱਟੀ