ਚੰਡੀਗੜ੍ਹ, 17 ਅਪ੍ਰੈਲ 2022 – ਪੁਲਿਸ ਵੱਲੋਂ 2 ਬਜ਼ੁਰਗ ਔਰਤਾਂ ਨੂੰ ਚੋਰੀ ਦੀਆਂ ਵਾਰਦਾਤਾਂ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਦੀ ਉਮਰ ਕਰੀਬ 70 ਅਤੇ 65 ਸਾਲ ਹੈ। ਪਰ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕੇ ਇਨ੍ਹਾਂ ਦੋਵਾਂ ਖ਼ਿਲਾਫ਼ ਚੰਡੀਗੜ੍ਹ ਅਤੇ ਪੰਜਾਬ ਵਿੱਚ ਕੁੱਲ 67 ਕੇਸ ਦਰਜ ਸਨ।
70 ਅਤੇ 65 ਸਾਲ ਦੇ 2 ਬਜ਼ੁਰਗਾਂ ਦਾ ਨਾਂ ਗੁਰਮੀਤੋ ਉਰਫ ਲਕਸ਼ਮੀ ਅਤੇ ਸੱਤਿਆ ਉਰਫ ਪ੍ਰੀਤੋ ਹੈ। ਇਹਨਾਂ ਦਾ ਪੇਸ਼ ਸਿਰਫ ਚੋਰੀ, ਧੋਖਾਧੜੀ, ਖੋਹ, ਤਸਕਰੀ ਆਦਿ ਹੈ। ਗੁਰਮੀਤੋ ਖ਼ਿਲਾਫ਼ 33 ਅਤੇ ਪ੍ਰੀਤੋ ਖ਼ਿਲਾਫ਼ 34 ਕੇਸ ਦਰਜ ਹਨ। ਦੋਵਾਂ ਖਿਲਾਫ ਐਨਡੀਪੀਐਸ, ਖੋਹ, ਧੋਖਾਧੜੀ, ਚੋਰੀ, ਸ਼ਰਾਬ ਵੇਚਣ ਵਰਗੀਆਂ ਧਾਰਾਵਾਂ ਤਹਿਤ ਕਈ ਮਾਮਲੇ ਦਰਜ ਹਨ। ਹੁਣ ਇਹ ਦੋਵੇਂ ਚੰਡੀਗੜ੍ਹ ਪੁਲੀਸ ਦੀ ਹਿਰਾਸਤ ਵਿੱਚ ਹਨ। ਦੋਵਾਂ ਨੇ ਪੀਜੀਆਈ ਵਿੱਚ ਇੱਕ ਔਰਤ ਦਾ ਸੋਨੇ ਦਾ ਕੰਗਣ ਚੋਰੀ ਕਰ ਲਿਆ ਸੀ। ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ।
ਗੁਰਮੀਤੋ ‘ਤੇ 2 ਐਨਡੀਪੀਐਸ, 9 ਸਨੈਚਿੰਗ, 3 ਚੋਰੀ ਦੇ ਲਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਅਤੇ 19 ਚੋਰੀ ਦੇ ਕੇਸ ਦਰਜ ਹਨ। ਜਦੋਂ ਕਿ ਪ੍ਰੀਤੋ ‘ਤੇ 1 ਐੱਨ.ਡੀ.ਨੀ.ਐੱਸ., 9 ਖੋਹ ਕਰਨ ਦੇ ਦੋਸ਼, 1 ਧੋਖਾਧੜੀ, 4 ਚੋਰੀ ਦੇ ਲਈ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ, 18 ਚੋਰੀ ਅਤੇ 1 ਸ਼ਰਾਬ ਵੇਚਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਸੈਕਟਰ 11 ਥਾਣੇ ਦੀ ਪੁਲੀਸ ਨੇ 13 ਅਪਰੈਲ ਨੂੰ ਸੋਨੇ ਦੇ ਕੰਗਣ ਚੋਰੀ ਕਰਨ ਦਾ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਨਵਾਂਸ਼ਹਿਰ ਦੀ ਰਹਿਣ ਵਾਲੀ 54 ਸਾਲਾ ਸੁਰਜੀਤ ਕੌਰ ਸ਼ਿਕਾਇਤਕਰਤਾ ਸੀ। ਉਹ ਘਟਨਾ ਵਾਲੇ ਦਿਨ 13 ਅਪ੍ਰੈਲ ਨੂੰ ਆਪਣੇ ਪਤੀ ਨਾਲ ਰੂਟੀਨ ਚੈਕਅੱਪ ਲਈ ਪੀਜੀਆਈ ਆਈ ਸੀ। ਜਿਸ ਤੋਂ ਬਾਅਦ ਉਹ ਨਵੀਂ ਓਪੀਡੀ ਨੇੜੇ ਬੱਸ ਅੱਡੇ ’ਤੇ ਬੱਸ ਲੈਣ ਲਈ ਰੁਕੇ ਸਨ।
ਇਸ ਦੌਰਾਨ ਦੋ ਔਰਤਾਂ ਨੇ ਉਸ ਦੇ ਹੱਥੋਂ 16 ਗ੍ਰਾਮ ਸੋਨੇ ਦਾ ਕੜਾ ਚੋਰੀ ਕਰ ਲਿਆ ਸੀ। ਜਿਸ ਤੋਂ ਬਾਅਦ ਪੋਲਿਸੀ ਨੇ ਕਾਰਵਾਈ ਕਰਦੇ ਹੋਏ ਦੋਵਾਂ ਬੀ ਗ੍ਰਿਫਤਾਰ ਕਰਕੇ 16 ਗ੍ਰਾਮ ਦਾ ਕੜਾ ਵੀ ਬਰਾਮਦ ਕਰ ਲਿਆ ਹੈ।