- ਭਗਵੰਤ ਮਾਨ ਦੇ 30 ਦਿਨਾਂ ਦੇ ਰਿਪੋਰਟ ਕਾਰਡ ‘ਤੇ ਜੀਵਨ ਗੁਪਤਾ ਨੇ ਮਾਨ ਸਰਕਾਰ ਨੂੰ ਦਿਖਾਇਆ ਸ਼ੀਸ਼ਾ
ਚੰਡੀਗੜ੍ਹ, 17 ਅਪ੍ਰੈਲ 2022 – ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਇੱਕ ਮਹੀਨੇ ਦੇ ਕਾਰਜਕਾਲ ਅਤੇ ਮਾਨ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ‘ਤੇ ਚੁਟਕੀ ਲੈਂਦਿਆਂ ਸਵਾਲ ਖੜ੍ਹੇ ਕੀਤੇ ਹਨ। ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਪੂਰਾ ਮਹੀਨਾ ਹੋ ਗਿਆ ਹੈ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਹਾਲਤ ‘ਖੋਦਾ ਪਹਾੜ ਤੇ ਨਿੱਕਲਿਆ ਚੂਹਾ’ ਵਰਗੀ ਹੈ।
ਜੀਵਨ ਗੁਪਤਾ ਨੇ ਭਗਵੰਤ ਮਾਨ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਇੱਕ ਮਹੀਨੇ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ 23 ਤੋਂ ਵੱਧ ਕਤਲ ਹੋਏ ਹਨ ਜਿਨ੍ਹਾਂ ਵਿੱਚੋਂ 5 ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਦੇ ਸਨ। ਭਗਵੰਤ ਮਾਨ ਨੇ ਪੰਜਾਬ ਵਿੱਚੋਂ ਰੇਤ ਮਾਫੀਆ ਖਤਮ ਕਰਨ ਅਤੇ ਰੇਤ ਸਸਤੀ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਅੱਜ ਤੱਕ ਨਾ ਤਾਂ ਰੇਤ ਮਾਫੀਆ ਖਤਮ ਹੋਇਆ ਅਤੇ ਨਾ ਹੀ ਰੇਤ ਸਸਤੀ ਹੋਈ।
ਭਗਵੰਤ ਮਾਨ ਖੁਦ ਚੁਣਾਵੀ ਸੂਬਿਆਂ ਦਾ ਦੌਰੇ ਰਹੇ ਹਨ ਅਤੇ ਆਪਣੀ ਚੋਣ ਮੁਹਿੰਮ ਵਿੱਚ ਪੰਜਾਬ ਨਾਲ ਸੰਬੰਧਿਤ ਝੂਠੀਆਂ ਉਦਾਹਰਣਾਂ ਦੇ ਕੇ ਉਥੇ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਪੰਜਾਬ ‘ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਜਾਰੀ ਕੀਤੇ ਗਏ ਨੰਬਰ ‘ਤੇ ਹੁਣ ਤੱਕ ਕਿੰਨੀਆਂ ਸ਼ਿਕਾਇਤਾਂ ਆਈਆਂ ਹਨ ਅਤੇ ਤੁਸੀਂ ਕਿੰਨੀਆਂ ਦਾ ਨਿਪਟਾਰਾ ਕੀਤਾ ਹੈ? ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਭ੍ਰਿਸ਼ਟਾਚਾਰ ਨਾਲ ਸਬੰਧਤ ਆਂਕੜਿਆਂ ਨੂੰ ਜਨਤਾ ਦੇ ਸਾਹਮਣੇ ਪੇਸ਼ ਕਰਨ, ਤਾਂ ਜੋ ਜਨਤਾ ਨੂੰ ਵੀ ਪਤਾ ਲੱਗੇ ਕਿ ਤੁਸੀਂ ਕਿੰਨੇ ਲੋਕਾਂ ਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਕੀਤੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਮਹੀਨੇ ਦਾ ਰਿਪੋਰਟ ਕਾਰਡ ਇਹ ਹੈ ਕਿ ਭਗਵੰਤ ਮਾਨ ਨੇ ਇੱਕ ਮਹੀਨੇ ਵਿੱਚ 3500 ਕਰੋੜ ਦਾ ਨਵਾਂ ਕਰਜ਼ਾ ਲਿਆ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਹੋਰ ਕਰਜ਼ਦਾਰ ਬਣਾ ਦਿੱਤਾ ਹੈ। ਭਗਵੰਤ ਮਾਨ 25,000 ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ, ਪਰ ਸੰਗਰੂਰ ‘ਚ ਭਗਵੰਤ ਮਾਨ ਦੇ ਘਰ ਦੇ ਬਾਹਰ 2016 ਦੇ ਪੰਜਾਬ ਪੁਲਿਸ ‘ਚ ਭਰਤੀ ਹੋਏ ਨੌਜਵਾਨ ਧਰਨੇ ‘ਤੇ ਕਿਉਂ ਬੈਠੇ ਹਨ?
ਉਨ੍ਹਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਅਤੇ ਉਨ੍ਹਾਂ ਨੂੰ ਨੌਕਰੀਆਂ ਵਿਚ ਸ਼ਾਮਲ ਕਿਉਂ ਨਹੀਂ ਕੀਤਾ ਜਾ ਰਿਹਾ? ਗੁਪਤਾ ਨੇ ਸਵਾਲ ਕੀਤਾ ਕਿ ਭਗਵੰਤ ਮਾਨ ਨੇ ਠੇਕਾ ਮੁਲਾਜ਼ਮਾਂ ਦਾ ਸਮਾਂ ਕਿਉਂ ਵਧਾਇਆ ਹੈ ਅਤੇ ਉਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਭਗਵੰਤ ਮਾਨ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਕਿਉਂ ਝੂਠ ਬੋਲ ਕੇ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰ ਰਹੇ ਹੋ? ਭਗਤ ਮਾਨ ਨੇ 18 ਸਾਲ ਤੋਂ ਵੱਧ ਉਮਰ ਦੀਆਂ ਸਾਰੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ, ਪਰ ਤੁਸੀਂ ਇਸ ਬਾਰੇ ਗੱਲ ਨਹੀਂ ਕਰਦੇ।
ਜੀਵਨ ਗੁਪਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਫਤਵਾ ਦਿੱਤਾ ਹੈ। ਪੰਜਾਬੀਆਂ ਨੂੰ ਮੂਰਖ ਨਾ ਬਣਾਓ। ਜੋ ਵਾਅਦੇ ਤੁਸੀਂ ਜਨਤਾ ਨਾਲ ਕੀਤੇ ਹਨ, ਉਨ੍ਹਾਂ ਨੂੰ ਪੂਰਾ ਕਰੋ ਅਤੇ ਆਪਣਾ 30 ਦਿਨਾਂ ਦਾ ਝੂਠਾ ਰਿਪੋਰਟ ਕਾਰਡ ਪੇਸ਼ ਕਰਕੇ ਜਨਤਾ ਨੂੰ ਗੁੰਮਰਾਹ ਨਾ ਕਰੋ। ਆਮ ਆਦਮੀ ਪਾਰਟੀ ਵੱਲੋਂ ਦਿੱਤੇ ਲਾਲੀਪਾਪ ਤੋਂ ਜਨਤਾ ਪਹਿਲਾਂ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ।