ਤਰਨਤਾਰਨ, 18 ਅਪ੍ਰੈਲ 2022 – ਪਿਛਲੇ ਕੁਝ ਦਿਨਾਂ ਵਿੱਚ ਸਰਹੱਦੀ ਖੇਤਰ ਵਿੱਚ ਡਰੋਨ ਉਡਾਉਣ ਦੀਆਂ ਗਤੀਵਿਧੀਆਂ ਵਿੱਚ ਕਾਫੀ ਵਾਧਾ ਹੋਇਆ ਹੈ। ਐਤਵਾਰ ਸ਼ਾਮ ਨੂੰ ਵੀ ਤਰਨਤਾਰਨ ਦੇ ਝਬਾਲ ਦੇ ਪਿੰਡ ਬਘਿਆੜੀ ਨੇੜੇ ਦੋ ਡਰੋਨ ਘੁੰਮਦੇ ਦੇਖੇ ਗਏ। ਕਿਸਾਨਾਂ ਨੇ ਸਰਪੰਚ ਹੀਰਾ ਸਿੰਘ ਰਾਹੀਂ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਥਾਣਾ ਝਬਾਲ ਦੇ ਐਸਐਚਓ ਬਲਵਿੰਦਰ ਸਿੰਘ ਮੌਕੇ ’ਤੇ ਪੁੱਜੇ।
ਪੁਲੀਸ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਤੁਰੰਤ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕੀਤੀ। ਦੇਰ ਰਾਤ ਤੱਕ ਚੱਲੇ ਇਸ ਸਰਚ ਆਪਰੇਸ਼ਨ ਵਿੱਚ ਪੁਲਿਸ ਨੂੰ ਕੋਈ ਸਫਲਤਾ ਨਹੀਂ ਮਿਲੀ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਤਰਨਤਾਰਨ ‘ਚ ਨੌਜਵਾਨਾਂ ਦੇ ਡਰੋਨ ਨਾਲ ਫੜੇ ਜਾਣ ਤੋਂ ਬਾਅਦ ਪੂਰੇ ਸਰਹੱਦੀ ਖੇਤਰ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ।
ਦੋ ਦਿਨ ਪਹਿਲਾਂ ਤਰਨਤਾਰਨ ਪੁਲਿਸ ਨੇ ਝਬਾਲ ਤੋਂ ਸੁਰਜਨ ਸਿੰਘ ਅਤੇ ਪਿੰਡ ਹਵੇਲੀਆਂ ਦੇ ਰਹਿਣ ਵਾਲੇ ਹੁਸਨਪ੍ਰੀਤ ਨੂੰ ਡਰੋਨ ਸਮੇਤ ਕਾਬੂ ਕੀਤਾ ਸੀ। ਇਸ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਪਾਕਿਸਤਾਨੀ ਤਸਕਰ ਹੀ ਨਹੀਂ, ਭਾਰਤੀ ਤਸਕਰ ਵੀ ਖੇਪ ਮੰਗਵਾਉਣ ਲਈ ਡਰੋਨ ਦੀ ਵਰਤੋਂ ਕਰ ਰਹੇ ਹਨ। ਉਦੋਂ ਤੋਂ ਹੀ ਸਰਹੱਦੀ ਖੇਤਰ ‘ਤੇ ਸਖ਼ਤੀ ਵਧਾ ਦਿੱਤੀ ਗਈ ਸੀ। ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਖੇਤਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ, ਪਰ ਪੁਲਸ ਨੂੰ ਕੁਝ ਵੀ ਸ਼ੱਕੀ ਨਹੀਂ ਮਿਲਿਆ।