- ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪ੍ਰੋਗਰਾਮ ਵਿਚ ਹਾਜ਼ਰੀ ਭਰਨਗੀਆਂ : ਹਰਮੀਤ ਸਿੰਘ ਕਾਲਕਾ, ਜਗਦੀਪ ਸਿੰਘ ਕਾਹਲੋਂ
ਨਵੀਂ ਦਿੱਲੀ, 18 ਅਪ੍ਰੈਲ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਲਾਲ ਕਿਲੇ ‘ਤੇ 20 ਅਤੇ 21 ਅਪ੍ਰੈਲ ਨੁੰ ਹੋਣ ਵਾਲੇ ਵਿਸ਼ਾਲ ਸਮਾਗਮਾਂ ਦੀ ਤਿਆਰੀਆਂ ਦਾ ਜਾਇਜ਼ਾ ਲਿਆ।
ਜਾਇਜ਼ਾ ਲੈਣ ਮਗਰੋਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਤਹਿਤ 20 ਅਪ੍ਰੈਲ ਨੁੰ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਦੂਜੇ ਦਿਨ 21 ਅਪ੍ਰੈਲ ਨੁੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਇਹਨਾਂ ਸਮਾਗਮਾਂ ਵਿਚ ਹਾਜ਼ਰੀ ਭਰਨਗੇ। ਉਹਨਾਂ ਦੱਸਿਆ ਕਿ ਇਹਨਾਂ ਪ੍ਰੋਗਰਾਮਾਂ ਦੌਰਾਨ 400 ਬੱਚੇ ਤੇ 400 ਰਾਗੀ ਸਿੰਘਾਂ ਦੇ ਜੱਥੇ ਕੀਰਤਨ ਕਰਨਗੇ, ਉਥੇ ਹੀ ਲਾਈਟ ਐਂਡ ਸਾਉਂਡ ਸ਼ੋਅ ਤੇ ਪ੍ਰਦਰਸ਼ਨੀਆਂ ਵੀ ਲੱਗਣਗੀਆਂ। ਪ੍ਰਧਾਨ ਮੰਤਰੀ ਇਸ ਮੌਕੇ ਯਾਦਗਾਰੀ ਟਿਕਟ ਤੇ ਸਿੱਕਾ ਵੀ ਜਾਰੀ ਕਰਨਗੇ।
ਦੋਹਾਂ ਆਗੂਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੁੰ ਲੈ ਕੇ ਸੰਗਤਾਂ ਵਿਚ ਵੱਡਾ ਉਤਸ਼ਾਹ ਹੈ ਤੇ ਮੱਧ ਪ੍ਰਦੇਸ਼ ਤੇ ਵੱਖ ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਹਨਾਂ ਪ੍ਰੋਗਰਾਮਾਂ ਵਿਚ ਹਾਜ਼ਰੀ ਭਰਨਗੀਆਂ। ਉਹਨਾਂ ਕਿਹਾ ਕਿ ਬਾਹਰੋਂ ਆਉਣ ਵਾਲੀ ਸੰਗਤ ਦੇ ਠਹਿਰਣ ਦੇ ਪ੍ਰਬੰਧ ਦੀ ਜ਼ਿੰਮੇਵਾਰ ਸਰਦਾਰ ਅਮਰਜੀਤ ਸਿੰਘ ਪਿੰਕੀ ਵੇਖ ਰਹੇ ਹਨ।
ਇਹਨਾਂ ਆਗੂਆਂ ਨੇ ਦੱਸਿਆ ਕਿ ਇਹਨਾਂ ਵਿਸ਼ਾਲ ਸਮਾਗਮਾਂ ਲਈ ਦਿੱਲੀ ਦੀਆਂ ਸੰਗਤਾਂ ਵਿਚ ਬਹੁਤ ਉਤਸ਼ਾਹ ਹੈ ਤੇ ਸੰਗਤਾਂ ਵੱਲੋਂ ਕਮੇਟੀ ਨੁੰ ਵੱਡੁਮੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਲਈ ਅਸੀਂ ਸੰਗਤ ਦੇ ਧੰਨਵਾਦੀ ਹਾਂ। ਉਹਨਾਂ ਕਿਹਾ ਕਿ ਇਹ ਇਤਿਹਾਸਕ ਤੇ ਯਾਦਗਾਰੀ ਪ੍ਰੋਗਰਾਮ ਹੋਣਗੇ ਜਿਸ ਲਈ ਭਾਰਤ ਸਰਕਾਰ ਦੇ ਨਾਲ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਭਰਪੂਰ ਸਹਿਯੋਗ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਮੌਕਾ ਕਿਸੇ ਦੇ ਵੀ ਜੀਵਨਕਾਲ ਵਿਚ ਇਕ ਵਾਰ ਆਉਣ ਵਾਲਾ ਮੌਕਾ ਹੈ ਤੇ ਲੋਕਾਂ ਵਿਚ ਇਸ ਗੱਲ ਦਾ ਉਤਸ਼ਾਹ ਹੈ ਕਿ ਦੇਸ਼ ਦੀ ਸਰਕਾਰ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਪੂਰਨਤਾ ਦਿਵਸ ਪ੍ਰੋਗਰਾਮ ਇਤਿਹਾਸਕ ਲਾਲ ਕਿਲੇ ‘ਤੇ ਕਰਵਾ ਕੇ ਸਾਰੀ ਦੁਨੀਆਂ ਵਿਚ ਗੁਰੂ ਸਾਹਿਬ ਦੇ ਸੰਦੇਸ਼ ਦਾ ਪ੍ਰਚਾਰ ਕਰ ਰਹੀ ਹੈ।
ਇਸ ਮੌਕੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਵਾਹਨ ਘੱਟ ਤੋਂ ਘੱਟ ਲਿਆਉਣ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸ ਮਾਮਲੇ ਵਿਚ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਸੰਗਤਾਂ ਇਹਨਾਂ ਬੱਸਾਂ ਰਾਹੀਂ ਪ੍ਰੋਗਰਾਮ ’ਤੇ ਆਉਣ ਨੂੰ ਤਰਜੀਹ ਦੇਣ ਕਿਉਂਕਿ ਵਿਸ਼ਾਲ ਪ੍ਰੋਗਰਾਮ ਹੋਣ ਕਾਰਨ ਪਾਰਕਿੰਗ ਦੀ ਮੁਸ਼ਕਿਲ ਹੋ ਸਕਦੀ ਹੈ।