ਨਵੀਂ ਦਿੱਲੀ, 21 ਅਪ੍ਰੈਲ 2022 – ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਉੱਥੋਂ ਦੇ ਸਿੱਖ ਆਗੂ ਮਸਤਾਨ ਸਿੰਘ ਨਨਕਾਣਾ ਸਾਹਿਬ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰਾਂ ਤੇ ਜਾਨ ਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਮਸਤਾਨ ਸਿੰਘ ਖੁਦ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰ ਦਿਲਾਵਰ ਸਿੰਘ ਅਤੇ ਪਾਲਾ ਸਿੰਘ ਜ਼ਖ਼ਮੀ ਹੋ ਗਏ। ਅਜੇ ਤੱਕ ਪੁਲੀਸ ਨੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਹੈ ਅਤੇ ਪੁਲੀਸ ਮਸਤਾਨ ਸਿੰਘ ਦੀ ਸ਼ਿਕਾਇਤ ਦੀ ਉਡੀਕ ਕਰ ਰਹੀ ਹੈ।
ਮਸਤਾਨ ਸਿੰਘ ਦੇ ਰਿਸ਼ਤੇਦਾਰ ਡਾਕਟਰ ਮੇਪਲ ਸਿੰਘ ਨੇ ਦੱਸਿਆ ਕਿ ਨਨਕਾਣਾ ਸਾਹਿਬ (ਲਾਹੌਰ ਤੋਂ ਕਰੀਬ 80 ਕਿਲੋਮੀਟਰ ਦੂਰ) ਵਿਖੇ ਮੰਗਲਵਾਰ ਨੂੰ ਜ਼ਮੀਨੀ ਝਗੜੇ ਦੌਰਾਨ ਮਸਤਾਨ ਸਿੰਘ ਦੇ ਪਰਿਵਾਰ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ। ਮਸਤਾਨ ਸਿੰਘ ਨੇ ਨਨਕਾਣਾ ਸਾਹਿਬ ਦੇ ਇੱਕ ਸਥਾਨਕ ਵਸਨੀਕ ਤੋਂ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਸੀ, ਪਰ ਜ਼ਮੀਨ ਦਾ ਤਬਾਦਲਾ ਕਰਨ ਵੇਲੇ ਵਿਵਾਦ ਖੜ੍ਹਾ ਹੋ ਗਿਆ। ਪਿਛਲੇ ਦਿਨੀਂ ਦੋ ਗੁੱਟਾਂ ਵਿੱਚ ਝਗੜਾ ਹੋ ਗਿਆ ਸੀ, ਜਿਸ ਵਿੱਚ ਮਸਤਾਨ ਦੇ ਪਰਿਵਾਰ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ ਸਨ।
ਨਨਕਾਣਾ ਸਿਟੀ ਪੁਲੀਸ ਨੇ ਹਾਲੇ ਤੱਕ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਸਤਾਨ ਸਿੰਘ ਨੇ ਅਜੇ ਤੱਕ ਪੁਲਿਸ ਨੂੰ ਮਾਮਲੇ ਦੀ ਸੂਚਨਾ ਨਹੀਂ ਦਿੱਤੀ ਹੈ। ਮਸਤਾਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਐਫਆਈਆਰ ਦਰਜ ਕੀਤੀ ਜਾਵੇਗੀ।
ਮਸਤਾਨ ਸਿੰਘ ਦੇ ਪਰਿਵਾਰ ਦੇ ਮੈਂਬਰ ਦਿਲਾਵਰ ਸਿੰਘ ਨੇ ਬੁੱਧਵਾਰ ਸ਼ਾਮ ਨੂੰ ਟਵਿੱਟਰ ‘ਤੇ ਇਕ ਵੀਡੀਓ ਅਪਲੋਡ ਕੀਤੀ। ਇਸ ਸਬੰਧੀ ਦਿਲਾਵਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ 5 ਏਕੜ ਤੋਂ ਵੱਧ ਜ਼ਮੀਨ ਦਾ ਪਿਛਲੇ 10 ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਨਾ ਤਾਂ ਪੁਲਿਸ, ਨਾ ਹੀ ਪੁਲਿਸ ਮੁਖੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਨੇ ਇਸ ਮਾਮਲੇ ਨੂੰ ਸੁਲਝਾਉਣ ਦੀ ਖੇਚਲ ਕੀਤੀ। ETPB ਇੱਕ ਵਿਧਾਨਕ ਬੋਰਡ ਹੈ ਜੋ ਵੰਡ ਤੋਂ ਬਾਅਦ ਭਾਰਤ ਵਿੱਚ ਪਰਵਾਸ ਕਰਨ ਵਾਲੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧਨ ਕਰਦਾ ਹੈ।
ਦਿਲਾਵਰ ਨੇ ਦੱਸਿਆ ਕਿ ਪਿਛਲੇ ਦਿਨੀਂ ਉਸ ਦੇ ਵਿਰੋਧੀਆਂ ਨੇ ਖੇਤਾਂ ਵਿੱਚ ਉਸ ’ਤੇ ਹਮਲਾ ਕੀਤਾ ਸੀ। ਉਸ ਦੇ ਰਿਸ਼ਤੇਦਾਰਾਂ ਨੂੰ ਜ਼ਖਮੀ ਕਰ ਦਿੱਤਾ। ਪਾਕਿਸਤਾਨ ਵਿੱਚ ਸਿੱਖ ਘੱਟ ਗਿਣਤੀ ਨਾਲ ਇਹੀ ਹੋ ਰਿਹਾ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਪੁਲਿਸ ਕੋਲ ਜਾਂਦੇ ਹੋ ਤਾਂ ਉਹ ਵੀ ਸਹਿਯੋਗ ਨਹੀਂ ਕਰਦੇ।