ਸੰਗਰੂਰ, 21 ਅਪ੍ਰੈਲ 2022 – ਸੰਗਰੂਰ ਦੇ ਖੇਤਾਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਵਿਧਾਇਕਾ ਨਰਿੰਦਰ ਕੌਰ ਭਾਰਜ ਫਾਇਰ ਬ੍ਰਿਗੇਡ ਲੈ ਕੇ ਪੁੱਜੇ। ਭਵਾਨੀਗੜ੍ਹ ਨੇੜਲੇ ਕੁਝ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਸੀ। ਬਾਅਦ ‘ਚ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ MLA ਦੇ ਸਮਰਥਕਾਂ ਅਤੇ ਕਿਸਾਨਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਇਆ ਗਿਆ।
ਵਿਧਾਇਕ ਨਰਿੰਦਰ ਭਾਰਜ ਨੇ ਦੱਸਿਆ ਕਿ ਖੇਤਾਂ ‘ਚ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਨ੍ਹਾਂ ਤੁਰੰਤ ਬਾਕੀ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ। ਹਾਲਾਂਕਿ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆ ਗਿਆ। ਜਿਸ ਨਾਲ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸ਼ੁਕਰ ਹੈ ਕਿ ਇੱਥੇ ਕਣਕ ਦੀ ਫ਼ਸਲ ਵੱਢੀ ਗਈ ਸੀ, ਸਿਰਫ ਕਣਕ ਦੀ ਨਾੜ ਹੀ ਸੀ।
ਨਰਿੰਦਰ ਕੌਰ ਭਾਰਜ ਪੰਜਾਬ ਦੀ ਸਭ ਤੋਂ ਗਰੀਬ ਵਿਧਾਇਕ ਹੈ। ਜਦੋਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਸੀ ਤਾਂ ਉਨ੍ਹਾਂ ਨੇ ਸਿਰਫ਼ 24 ਹਜ਼ਾਰ ਦੀ ਜਾਇਦਾਦ ਅਤੇ ਇੱਕ ਸਕੂਟੀ ਦੀ ਜਾਇਦਾਦ ਦੱਸੀ ਸੀ। ਉਨ੍ਹਾਂ ਨੇ ਆਪਣੀ ਪੂਰੀ ਚੋਣ ਮੁਹਿੰਮ ਵੀ ਇਸ ਸਕੂਟੀ ‘ਤੇ ਹੀ ਕੀਤੀ। ਹੁਣ ਤੱਕ ਉਹ ਇੱਕ ਵਿਦਿਆਰਥੀ ਸੀ ਅਤੇ ਹਾਲ ਹੀ ਵਿੱਚ ਉਸਨੇ ਆਪਣੀ ਐਲਐਲਬੀ ਦੀ ਡਿਗਰੀ ਪੂਰੀ ਕੀਤੀ ਹੈ।
ਨਰਿੰਦਰ ਭਾਰਜ ਸੰਗਰੂਰ ਸੀਟ ਤੋਂ ਕਾਂਗਰਸ ਸਰਕਾਰ ਦੇ ਮਜ਼ਬੂਤ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਚੋਣ ਲੜ ਰਹੇ ਸਨ। ਉਨ੍ਹਾਂ ਨੇ ਸਿੰਗਲਾ ਨੂੰ 36,430 ਵੋਟਾਂ ਦੇ ਫਰਕ ਨਾਲ ਹਰਾਇਆ। ਭਾਰਜ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਹਨ। 2014 ਵਿੱਚ, ਉਹ ਮਾਨ ਦੀ ਲੋਕ ਸਭਾ ਚੋਣਾਂ ਦੌਰਾਨ ਪੋਲਿੰਗ ਏਜੰਟ ਬਣ ਗਈ ਸੀ। ਫਿਰ ਉਸ ਦਾ ਵਿਰੋਧ ਵੀ ਹੋਇਆ। ਹਾਲਾਂਕਿ ਇਸ ਤੋਂ ਬਾਅਦ ਉਸ ਨੂੰ ਪੰਜਾਬ ਦੀ ਪਹਿਲੀ ਮਹਿਲਾ ਪੋਲਿੰਗ ਏਜੰਟ ਦਾ ਖਿਤਾਬ ਵੀ ਮਿਲਿਆ ਸੀ।