- ਪੰਜਾਬ ‘ਚ ਵੱਡੇ ਬਦਲਾਅ ਲਿਆਉਣ ਦੀ ਗੱਲ ਕਰਨ ਵਾਲੀ ‘ਆਪ’ ਸਰਕਾਰ ਹੁਣ ਪੁਲਿਸ ਦੇ ਦਮ ‘ਤੇ ਅਜਿਹਾ ਬਦਲਾਅ ਲਿਆ ਰਹੀ ਹੈ: ਗੁਪਤਾ
- ਡੀਜੀਪੀ ਨੇ ਸਮਾਂ ਦੇ ਕੇ ਖੁਦ ਬੁਲਾਇਆ ਅਤੇ ਮੀਟਿੰਗ ਦੇ ਬਹਾਨੇ ਤੁਰਦੇ ਬਣੇ, ਕੀ ਇਹ ਹੈ ‘ਆਪ’ ਸਰਕਾਰ ਦੀ ਤਬਦੀਲੀ: ਭਾਜਪਾ
ਚੰਡੀਗੜ੍ਹ, 21 ਅਪ੍ਰੈਲ 2022 – ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਵਫ਼ਦ ਸੋਸ਼ਲ ਮੀਡੀਆ ਦੇ ਆਧਾਰ ‘ਤੇ ਪੰਜਾਬ ਪੁਲਿਸ ਵਲੋਂ ਭਾਜਪਾ ਵਰਕਰਾਂ ਵਿਰੁੱਧ ਮੁਹਾਲੀ ਵਿੱਚ ਦਰਜ ਕੀਤੇ ਗਏ ਝੂਠੇ ਕੇਸਾਂ ਸਬੰਧੀ ਪੰਜਾਬ ਦੇ ਡੀ.ਜੀ.ਪੀ. ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਡੀਜੀਪੀ ਵੱਲੋਂ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ।
ਆਖਰਕਾਰ ਬੁੱਧਵਾਰ ਨੂੰ ਡੀਜੀਪੀ ਦਫ਼ਤਰ ਤੋਂ 12 ਵਜੇ ਤੋਂ ਪਹਿਲਾਂ ਡੀਜੀਪੀ ਨੂੰ ਮਿਲਣ ਦਾ ਸਮਾਂ ਦੇਣ ਤੋਂ ਬਾਅਦ ਜਦੋਂ ਭਾਜਪਾ ਦਾ ਵਫ਼ਦ ਜਿਸ ਵਿੱਚ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਅਤੇ ਰਾਜੇਸ਼ ਬਾਗਾ ਸ਼ਾਮਲ ਸਨ, ਡੀਜੀਪੀ ਦਫ਼ਤਰ ਪੁੱਜੇ ਤਾਂ ਡੀਜੀਪੀ ਮੁੱਖ ਮੰਤਰੀ ਨਾਲ ਮੀਟਿੰਗ ‘ਚ ਹਨ ਬਾਰੇ ਦੱਸਿਆ ਗਿਆ ਅਤੇ ਇੰਤਜਾਰ ਕਰਨ ਨੂੰ ਕਿਹਾ ਗਿਆ। ਇਸ ਦੌਰਾਨ ਡੀਜੀਪੀ ਨੂੰ ਮਿਲਣ ਆਏ ਹੋਰ ਵਿਅਕਤੀਆਂ ਦੀ ਉਨ੍ਹਾਂ ਨਾਲ ਮੁਲਾਕਾਤ ਦਾ ਸਿਲਸਿਲਾ ਹਾਰੀ ਰਿਹਾ। ਆਖਰ ਦੋਪਹਿਰ 02:00 ਵਜੇ ਡੀਜੀਪੀ ਦਫ਼ਤਰ ਦੇ ਸਟਾਫ਼ ਨੇ ਡੀਜੀਪੀ ਦੇ ਕਿਸੇ ਹੋਰ ਮੀਟਿੰਗ ਵਿੱਚ ਜਾਣ ਲਈ ਕਹਿ ਕੇ ਭਾਜਪਾ ਆਗੂਆਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਵੱਡੀਆਂ ਵੱਡੀਆਂ ਤਬਦੀਲੀਆਂ ਦੀ ਗੱਲ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਆਗੂਆਂ ਨੇ ਇੱਕ ਮਹੀਨੇ ਵਿੱਚ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਸੋਸ਼ਲ ਮੀਡੀਆ ਦੇ ਆਧਾਰ ‘ਤੇ ‘ਆਪ’ ਸਰਕਾਰ ਵੱਲੋਂ ਸਿਆਸੀ ਰੰਜਿਸ਼ ਕਢਣ ਲਈ ਮੁਹਾਲੀ ‘ਚ ਦੋ ਭਾਜਪਾ ਵਰਕਰਾਂ ਅਤੇ ਦਿੱਲੀ ਦੇ ਇੱਕ ਭਾਜਪਾ ਵਰਕਰ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਹੀ ਆਜ਼ਾਦੀ ਅਤੇ ਜਮਹੂਰੀਅਤ ਦਾ ਗਲਾ ਘੁੱਟਣ ਦਾ ਕੰਮ ਸ਼ੁਰੂ ਸੀ ਅਤੇ ਹੁਣ ਇਹ ਪੰਜਾਬ ‘ਚ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਭਾਜਪਾ ਦਾ ਵਫ਼ਦ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਵਿੱਚ ਹੋਈਆਂ ਹੱਤਿਆਵਾਂ, ਸੂਬੇ ਵਿੱਚ ਫੈਲੀ ਅਰਾਜਕਤਾ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਡੀਜੀਪੀ ਨੂੰ ਮਿਲਣ ਦਾ ਸਮਾਂ ਮੰਗ ਰਿਹਾ ਸੀ। ਗੁਪਤਾ ਨੇ ਸਵਾਲ ਕੀਤਾ ਕਿ ਕੀ ਇਹੀ ਬਦਲਾਅ ਆਮ ਆਦਮੀ ਪਾਰਟੀ ਨੇ ਕੀਤਾ ਹੈ? ਪੰਜਾਬ ‘ਚ ਬਦਲਾਅ ਦੀ ਗੱਲ ਕਰਨ ਵਾਲੀ ‘ਆਪ’ ਸਰਕਾਰ ਦੀ ਕਠਪੁਤਲੀ ਬਣ ਕੇ ਪੰਜਾਬ ਪੁਲਿਸ ਪੰਜਾਬ ਸਮੇਤ ਪੰਜਾਬ ਤੋਂ ਬਾਹਰਲੇ ਲੋਕਾਂ ‘ਤੇ ਵੀ ਝੂਠੇ ਕੇਸ ਦਰਜ ਕਰ ਰਹੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਜੋ ਵੀ ਆਮ ਆਦਮੀ ਪਾਰਟੀ ਦੀ ਅਸਲੀਅਤ ਨੂੰ ਲੋਕਾਂ ਸਾਹਮਣੇ ਉਜਾਗਰ ਕਰਨਾ ਚਾਹੁੰਦਾ ਹੈ, ਉਸ ਵਿਰੁੱਧ ਪੁਲਿਸ ਨੇ ਰਾਜਨੀਤੀ ਤੋਂ ਪ੍ਰੇਰਿਤ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਚਾਹੇ ਉਨ੍ਹਾਂ ਦਾ ਆਪਣਾ ਆਗੂ ਹੋਵੇ ਜਾਂ ਕੋਈ ਹੋਰ ਸਿਆਸੀ ਪਾਰਟੀ ਦਾ। ਗੁਪਤਾ ਨੇ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਅੱਗੇ ਝੁਕਣ ਵਾਲੀ ਨਹੀਂ ਹੈ। ਭਾਜਪਾ ਸੂਬੇ ਵਿੱਚ ਆਪਣੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਰਹੇਗੀ ਅਤੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਲੋਕਾਂ ਦੇ ਸਹਿਯੋਗ ਨਾਲ ਸਰਕਾਰ ‘ਤੇ ਦਬਾਅ ਬਣਾਏਗੀ। ਉਨ੍ਹਾਂ ਕਿਹਾ ਕਿ ਜਨਤਾ ਆਮ ਆਦਮੀ ਪਾਰਟੀ ਸਰਕਾਰ ਦੇ ਝੂਠ ਤੋਂ ਭਲੀ ਭਾਂਤ ਜਾਣੂ ਹੋ ਚੁੱਕੀ ਹੈ ਅਤੇ ਇਸ ਦਾ ਸਬੂਤ ਆਉਣ ਵਾਲੀਆਂ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ।