- ਸਿੱਖਿਆ ਮੰਤਰੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਲੱਲੀਆਂ ਦਾ ਦੌਰਾ
ਹੁਸ਼ਿਆਰਪੁਰ/ਚੰਡੀਗੜ੍ਹ, 22 ਅਪ੍ਰੈਲ 2022 – ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਿੱਖਿਆ ਖੇਤਰ ਨੂੰ ਸਹੀ ਲੀਹਾਂ ਉੱਤੇ ਲਿਆਉਣ ਲਈ ਫੀਲਡ ਵਿੱਚੋਂ ਹਾਸਲ ਕੀਤੀ ਜਾ ਰਹੀ ਫੀਡਬੈਕ ਤਹਿਤ ਵੱਖ-ਵੱਖ ਸਕੂਲਾਂ ਦੇ ਕੀਤੇ ਜਾ ਰਹੇ ਦੌਰਿਆਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਲੱਲੀਆਂ ਦਾ ਦੌਰਾ ਕੀਤਾ ਗਿਆ।
ਸਿੱਖਿਆ ਮੰਤਰੀ ਵੱਲੋਂ ਸਕੂਲ ਦੇ ਕੰਮਕਾਜ ਦਾ ਜ਼ਾਇਜ਼ਾ ਲਿਆ ਗਿਆ ਅਤੇ ਸਟਾਫ਼ ਤੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਸੁਣੀਆਂ ਗਈਆਂ।ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਇਨ੍ਹਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਸਕੂਲਾਂ ਨੂੰ ਆਧੁਨਿਕ ਲੀਹਾਂ ਉਤੇ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਵਿਦਿਆਰਥੀਆਂ ਨੂੰ ਗੁਣਾਤਮਕ ਅਤੇ ਸਮੇਂ ਦੇ ਹਾਣ ਦਾ ਉਸਾਰੂ ਵਿੱਦਿਅਕ ਮਾਹੌਲ ਦੇਣ ਨਾਲ ਉਨ੍ਹਾਂ ਦੇ ਪ੍ਰਤਿਭਾਸ਼ੀਲ ਕਲਾ ਕੌਸ਼ਲ ਵਿੱਚ ਹੋਰ ਨਿਖ਼ਾਰ ਆਵੇਗਾ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਪੜ੍ਹਾਈ ਨਿਰਵਿਘਨ ਜਾਰੀ ਰੱਖਣ ਦੇ ਕਾਰਜ ਵਿੱਚ ਕਿਧਰੇ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬੱਚਿਆਂ ਨੂੰ ਪਾਠ ਪੁਸਤਕਾਂ ਸਮੇਂ ਸਿਰ ਪੁੱਜਦੀਆਂ ਕਰਨਾ ਯਕੀਨੀ ਬਣਾਇਆ ਜਾਵੇ।
ਸ੍ਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦਾ ਸਕੂਲਾਂ ਦਾ ਦਿੱਲੀ ਦੀ ਤਰਜ਼ ਉਤੇ ਵਿਕਾਸ ਕੀਤਾ ਜਾਵੇਗਾ ਅਤੇ ਖ਼ਾਲੀ ਪਈਆਂ ਅਸਾਮੀਆਂ ਨੂੰ ਜਲਦੀ ਹੀ ਭਰਨ ਲਈ ਪ੍ਰਕਿਰਿਆ ਆਰੰਭ ਕਰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੇ ਵਫ਼ਦ ਵੱਲੋਂ ਜਲਦ ਹੀ ਦਿੱਲੀ ਦਾ ਵੀ ਦੌਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਵੀ ਹਾਜ਼ਰ ਸਨ।