ਕਰਤਾਰਪੁਰ ਸਾਹਿਬ, 28 ਅਪ੍ਰੈਲ 2022 – ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਇਤਿਹਾਸਕ ਖੂਹ ਦੇ ‘ਪਵਿੱਤਰ ਜਲ’ ਨੂੰ ਵੇਚਣ ‘ਤੇ ਰੋਕ ਲਾ ਦਿੱਤੀ ਗਈ ਹੈ। ਸਰਕਾਰ ਵੱਲੋਂ ਇਸ ਸੰਬੰਧੀ ਇੱਕ ਚੇਤਾਵਨੀ ਬੋਰਡ ਵੀ ਲਗਵਾ ਦਿੱਤਾ ਗਿਆ ਹੈ। ਅਸਲ ‘ਚ ਇਹ ਪਵਿੱਤਰ ਜਲ ਉਸ ਇਤਿਹਾਸਕ ਖੂਹ ਦਾ ਹੈ, ਜਿਸ ਦੇ ਜਲ ਨਾਲ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖੇਤਾਂ ਦੀ ਸਿੰਚਾਈ ਕੀਤੀ ਸੀ।
ਸਰਕਾਰ ਦੇ ਧਿਆਨ ‘ਚ ਇਹ ਮਾਮਲਾ ਉਸ ਸਮੇ ਆਇਆ ਜਦੋਂ ਸਿੱਖ ਸੰਗਤ ਵੱਲੋਂ ‘ਪਵਿੱਤਰ ਜਲ’ ਨੂੰ ਵੇਚਣ ‘ਤੇ ਇਤਰਾਜ਼ ਜਤਾਇਆ ਗਿਆ। ਜਿਸ ਤੋਂ ਬਾਅਦ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਕਾਰਜਕਾਰੀ ਅਧਿਕਾਰੀ ਅਤੇ ਏਕਿਊ ਟਰੱਸਟ ਪ੍ਰਾਪਰਟੀ ਬੋਰਡ ਦੇ ਐਡੀਸ਼ਨਲ ਸੈਕਟਰੀ ਰਾਣਾ ਸ਼ਾਹਿਦ ਸਲੀਮ ਨੇ ਤੁਰਨ ਕਾਰਵਾਈ ਕਰਦੇ ਹੋਏ ਇਕ ਆਦੇਸ਼ ਜਾਰੀ ਕੀਤਾ ਅਤੇ ‘ਪਵਿੱਤਰ ਜਲ’ ਨੂੰ ਵੇਚਣ ‘ਤੇ ਰੋਕ ਲਾ ਦਿੱਤੀ।
ਕਰਤਾਰਪੁਰ ਸਾਹਿਬ ਦੇ ਇਤਿਹਾਸਕ ਖੂਹ ਵਿੱਚੋਂ ਨਿਕਲਣ ਵਾਲੇ ਜਲ ਨੂੰ ਫਿਲਟਰ ਕਰਨ ਲਈ ਪਾਕਿਸਤਾਨ ਦੀ ਇਮਰਾਨ ਸਰਕਾਰ ਵੇਲੇ ਇਹ ਪਲਾਂਟ ਲਗਾਇਆ ਗਿਆ ਸੀ। ਪਲਾਂਟ ਦੇ ਉਦਘਾਟਨ ਤੋਂ ਬਾਅਦ ਇੱਕ ਹਫ਼ਤੇ ਤੱਕ ‘ਪਵਿੱਤਰ ਜਲ’ ਵੇਚਿਆ ਗਿਆ। ਖੂਹ ਦੇ ‘ਪਵਿੱਤਰ ਜਲ’ ਨੂੰ ਬੋਤਲਾਂ ਅਤੇ ਪਲਾਸਟਿਕ ਦੇ ਡੱਬਿਆਂ ਵਿੱਚ ਬੰਦ ਕਰਕੇ ਸਿੱਖ ਸ਼ਰਧਾਲੂਆਂ ਨੂੰ ਵੇਚਿਆ ਜਾਂਦਾ ਸੀ।