ਚੰਡੀਗੜ੍ਹ, 29 ਅਪ੍ਰੈਲ 2022 – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਅਫਸਰਸ਼ਾਹੀ ਨੂੰ ਚੇਤਾਵਨੀ ਦਿੱਤੀ ਹੈ। ਵੜਿੰਗ ਨੇ ਕਿਹਾ ਕਿ ਕੁਝ ਅਧਿਕਾਰੀ ਕਾਂਗਰਸੀਆਂ ਨਾਲ ਵਿਤਕਰਾ ਕਰ ਰਹੇ ਹਨ। ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਜਦੋਂ ਕਾਨੂੰਨ ਕੰਮ ਕਰੇਗਾ, ਕੋਈ ਵੀ ਤੁਹਾਨੂੰ ਬਚਾ ਨਹੀਂ ਸਕੇਗਾ। ਮਾਨ ਸਰਕਾਰ ਨੇ ਪੰਜਾਬ ਦੀ ਪੁਲਿਸ ਅਤੇ ਅਫਸਰਸ਼ਾਹੀ ਨੂੰ ਕਾਫੀ ਹੱਦ ਤੱਕ ਬਦਲ ਦਿੱਤਾ ਹੈ। ਕਾਂਗਰਸ ਸਰਕਾਰ ਵੇਲੇ ਉੱਚ ਕੁਰਸੀਆਂ ‘ਤੇ ਬਿਰਾਜਮਾਨ ਅਫਸਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੁਝ ਪੁਲਿਸ ਅਤੇ ਸਿਵਲ ਅਧਿਕਾਰੀ ਕਾਂਗਰਸੀ ਆਗੂਆਂ ਅਤੇ ਵਿਧਾਇਕਾਂ ਨਾਲ ਵਿਤਕਰਾ ਕਰ ਰਹੇ ਹਨ। ਮੈਂ ਅਜਿਹੇ ਅਫਸਰਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਤੁਸੀਂ ਲੋਕ ਸੇਵਕ ਹੋ। ਅਫਸਰਾਂ ਦੇ ਪੱਖਪਾਤ ਦੀਆਂ ਸਾਰੀਆਂ ਕਾਰਵਾਈਆਂ ਨੂੰ ਕਾਂਗਰਸ ਗੰਭੀਰਤਾ ਨਾਲ ਲਵੇਗੀ। ਜਦੋਂ ਕਾਨੂੰਨੀ ਕਾਰਵਾਈ ਹੁੰਦੀ ਹੈ ਤਾਂ ਕੋਈ ਵੀ ਤੁਹਾਨੂੰ ਬਚਾ ਨਹੀਂ ਸਕੇਗਾ।
ਪੰਜਾਬ ਵਿੱਚ ਕਾਂਗਰਸ ਸਰਕਾਰ ਵੇਲੇ ਅਕਾਲੀ ਮੁਖੀ ਸੁਖਬੀਰ ਬਾਦਲ ਦੀ ਲਾਲ ਡਾਇਰੀ ਸੁਰਖੀਆਂ ਵਿੱਚ ਰਹੀ ਸੀ। ਸੁਖਬੀਰ ਨੇ ਇਹ ਡਾਇਰੀ ਕੁਝ ਰੈਲੀਆਂ ਵਿੱਚ ਵੀ ਦਿਖਾਈ ਸੀ। ਸੁਖਬੀਰ ਨੇ ਕਿਹਾ ਸੀ ਕਿ ਇਸ ਡਾਇਰੀ ਵਿਚ ਅਕਾਲੀਆਂ ਨਾਲ ਧੱਕਾ ਕਰਨ ਵਾਲੇ ਅਫਸਰਾਂ ਦੇ ਨਾਂ ਲਿਖੇ ਗਏ ਹਨ। ਸਰਕਾਰ ਆਉਣ ‘ਤੇ ਇਨ੍ਹਾਂ ਦਾ ਹਿਸਾਬ ਲਿਆ ਜਾਵੇਗਾ। ਹਾਲਾਂਕਿ ਅਕਾਲੀ ਪਿਛਲੇ 10 ਸਾਲਾਂ ਤੋਂ ਸੱਤਾ ਤੋਂ ਦੂਰ ਹਨ।