ਪਟਿਆਲਾ, 29 ਅਪ੍ਰੈਲ 2022 – ਸ੍ਰੀ ਮਾਤਾ ਕਾਲੀ ਦੇਵੀ ਮੰਦਰ ਮਾਲ ਰੋਡ ਤੇ ਹਿੰਦੂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ‘ਚ ਜ਼ਬਰਦਸਤ ਪਥਰਾਅ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ‘ਤੇ ਐੱਸ.ਐੱਸ.ਪੀ. ਪਟਿਆਲਾ ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਪਹੁੰਚ ਰਹੀ ਹੈ, ਜਿਸ ਵਕਤ ਇਹ ਪਥਰਾਅ ਸ਼ੁਰੂ ਹੋਇਆ ਉਸ ਵਕਤ ਪੁਲਿਸ ਦੀ ਨਫ਼ਰੀ ਘੱਟ ਸੀ।
ਪਥਰਾਅ ਕਾਰਨ ਆਲੇ-ਦੁਆਲੇ ਖੜ੍ਹੇ ਹੋਏ ਲੋਕਾਂ ਦੇ ਵਿਚ ਇਕਦਮ ਭਗਦੜ ਮਚੀ, ਜਿਸ ਤੋਂ ਬਾਅਦ ਆਮ ਲੋਕ ਵੀ ਆਪਣੀਆਂ ਜਾਨਾਂ ਬਚਾ ਕੇ ਭੱਜਦੇ ਨਜ਼ਰ ਆਏ। ਪਥਰਾਅ ਕਰਨ ਦੇ ਨਾਲ-ਨਾਲ ਦੋਵੇਂ ਜਥੇਬੰਦੀਆਂ ਦੇ ਆਗੂ ਹੱਥਾਂ ‘ਚ ਕਿਰਪਾਨਾਂ ਤੇ ਤੇਜ਼ਧਾਰ ਹਥਿਆਰ ਲਹਿਰਾਉਂਦੇ ਨਜ਼ਰ ਆਏ।
ਜਿਸ ਤੋਂ ਬਾਅਦ ਇੱਕ ਵਾਰ ਮਾਮਲਾ ਸ਼ਾਂਤ ਹੋਇਆ ਤਾ ਇੱਕ ਵਾਰ ਫੇਰ ਜਿੱਥੇ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨਾਂ ਵਿਚਾਲੇ ਜ਼ਬਰਦਸਤ ਝੜਪ ਹੋਈ। ਇਸੇ ਦੌਰਾਨ ਪੁਲਿਸ ਨੂੰ ਮਾਹੌਲ ਸ਼ਾਂਤ ਕਰਵਾਉਣ ਦੇ ਲਈ ਪੁਲਿਸ ਨੂੰ ਤਕਰੀਬਨ ਪੰਜ ਰਾਊਂਡ ਫਾਇਰ ਵੀ ਕਰਨੇ ਪਏ ਹਨ। ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੀ ਇੱਥੇ ਪਹੁੰਚ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਹਿੰਦੂ ਸੰਗਠਨਾਂ ਦੇ ਵੱਲੋਂ ਖ਼ਾਲਿਸਤਾਨ ਦੇ ਖਿਲਾਫ਼ ਅੱਜ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਸੀ, ਜਿਸ ਖਿਲਾਫ਼ ਸਿੱਖ ਜਥੇਬੰਦੀਆਂ ਭੜਕ ਉੱਠੀਆਂ ਅਤੇ ਉਨ੍ਹਾਂ ਵੱਲੋਂ ਵੀ ਮਾਰਚ ਦਾ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ।
ਮਾਮਲਾ ਇੱਥੋਂ ਤੱਕ ਵੱਧ ਗਿਆ ਕਿ, ਪਟਿਆਲਾ ਦੀਆਂ ਸਾਰੀਆਂ ਸੜਕਾਂ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਗਈਆਂ। ਪੁਲਿਸ ਅਤੇ ਜਥੇਬੰਦੀਆਂ ਪਹਿਲੋਂ ਝੜਪ ਹੋਈ ਅਤੇ ਬਾਅਦ ਵਿੱਚ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨ ਆਹਮੋ ਸਾਹਮਣੇ ਹੋ ਗਏ।