ਭਗਵੰਤ ਮਾਨ ਵੱਲੋਂ ਆਪਣੇ ਜੱਦੀ ਪਿੰਡ ਸਤੌਜ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦਾ ਸੱਦਾ

  • ਲੋੜੀਂਦੀ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਝਾਰਖੰਡ ਵਿੱਚ ਪੰਜਾਬ ਦੀ ਅਲਾਟ ਕੀਤੀ ਖਾਣ ਤੋਂ ਕੋਲੇ ਦੀ ਸਪਲਾਈ ਜਲਦ ਹੀ ਮੁੜ ਸ਼ੁਰੂ ਕੀਤੀ ਜਾਵੇਗੀ

ਸਤੌਜ (ਸੰਗਰੂਰ), 4 ਮਈ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਆਪਣੇ ਜੱਦੀ ਪਿੰਡ ਸਤੌਜ ਤੋਂ ਝੋਨੇ ਦੀ ਸਿੱਧੀ ਬਿਜਾਈ (ਡੀਐਸਆਰ) ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਨਾਲ ਪਾਣੀ ਦੀ ਸੰਜਮ ਨਾਲ ਵਰਤੋਂ ਕਰਕੇ ਸਿੱਧੀ ਬਿਜਾਈ ਹੇਠ ਝੋਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ।

ਆਪਣੇ ਜੱਦੀ ਪਿੰਡ ਦੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਦੀ ਇਸ ਨਵੀਂ ਤਕਨੀਕ ਨੂੰ ਵੱਡੇ ਪੱਧਰ ‘ਤੇ ਅਪਣਾਉਣ ਲਈ ਪ੍ਰੇਰਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਵੱਡੇ ਪੱਧਰ ‘ਤੇ ਸੂਬੇ ਵਿੱਚ ‘ਆਪ’ ਦੀ ਸਰਕਾਰ ਨੂੰ ਫ਼ਤਵਾ ਦਿੱਤਾ ਹੈ ਅਤੇ ਹੁਣ ਰਾਜ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਸਿੱਧੀ ਬਿਜਾਈ ਅਤੇ ਹੋਰ ਬਹੁਤ ਸਾਰੀਆਂ ਪਹਿਲਕਦਮੀਆਂ ਸ਼ੁਰੂ ਕਰਨਾ ਸਾਡਾ ਫ਼ਰਜ਼ ਬਣਦਾ ਹੈ ਅਤੇ ਇਸ ਲਈ ਲੋਕਾਂ ਦੇ ਵੱਡੇ ਸਹਿਯੋਗ ਅਤੇ ਸਮਰਥਨ ਦੀ ਬੇਹੱਦ ਲੋੜ ਹੈ।

ਤੇਜ਼ੀ ਨਾਲ ਡਿੱਗ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਰਵਾਇਤੀ ਝੋਨੇ ਦੀ ਲੁਆਈ ਤੋਂ ਸਿੱਧੀ ਬਿਜਾਈ ਵਰਗੀ ਉੱਨਤ ਤਕਨੀਕ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਲੋੜ ਹੈ। ਇਸ ਤੋਂ ਇਲਾਵਾ, ਇਹ ਸਮੇਂ ਦੀ ਮੰਗ ਹੈ ਕਿ ਝੋਨੇ ਦੀ ਕਾਸ਼ਤ ਲਈ ਇੱਕ ਅਜਿਹੀ ਤਕਨੀਕ ਅਪਣਾਈ ਜਾਵੇ ਜਿਸ ਨਾਲ ਸਾਡਾ ਬਹੁਮੁੱਲਾ ਕੁਦਰਤੀ ਸਰੋਤ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਲਈ ਕਿਸਾਨਾਂ ਵੱਲੋਂ ਆਪਣੀ ਲਗਭਗ ਅੱਧੀ ਜ਼ਮੀਨ ‘ਤੇ ਸਿੱਧੀ ਬਿਜਾਈ ਕੀਤੀ ਜਾਵੇ ਜਿਸ ਨਾਲ ਉਹ ਪਾਣੀ ਬਚਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ, ਸਾਡੀ ਸਰਕਾਰ ਨੇ ਝੋਨੇ ਦੀ ਖੇਤੀ ਲਈ ਪਾਣੀ ਬਚਾਉਣ ਦੇ ਇਸ ਤਰੀਕੇ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ 1500 ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ।

ਮਾਨ ਨੇ ਸਤੌਜ ਦੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਰਕਬੇ ‘ਤੇ ਡੀ.ਐਸ.ਆਰ ਵਿਧੀ ਨਾਲ ਝੋਨੇ ਦੀ ਬਿਜਾਈ ਕਰਕੇ ਪੂਰੇ ਪੰਜਾਬ ਲਈ ਮਿਸਾਲ ਕਾਇਮ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੀ ਸਰਕਾਰ ਮੱਕੀ, ਦਾਲਾਂ ਅਤੇ ਬਾਜਰੇ ਸਮੇਤ ਬਦਲਵੀਂ ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਮੁਹੱਈਆ ਕਰਵਾਏਗੀ ਅਤੇ ਇਨ੍ਹਾਂ ਫ਼ਸਲਾਂ ਦੀ ਪੈਦਾਵਾਰ ਆਪਣੀ ਜ਼ਿੰਮੇਵਾਰੀ ‘ਤੇ ਵੇਚੇਗੀ।
ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਖਾਦਾਂ, ਨਦੀਨਨਾਸ਼ਕ ਅਤੇ ਕੀਟਨਾਸ਼ਕਾਂ ਦੀ ਉੱਚ ਗੁਣਵੱਤਾ ਪ੍ਰਦਾਨ ਕੀਤੀ ਜਾਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਲੋੜੀਂਦੀ ਸਪਲਾਈ ਦੀ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਝਾਰਖੰਡ ਵਿੱਚ ਪੰਜਾਬ ਦੀ ਅਲਾਟ ਕੀਤੀ ਖਾਣ ਤੋਂ ਕੋਲੇ ਦੀ ਖੁਦਾਈ ਮੁੜ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ 2015 ਤੋਂ ਬੰਦ ਸੀ। ਉਨ੍ਹਾਂ ਕਿਹਾ ਕਿ ਕੋਲੇ ਦੀ ਨਿਰਵਿਘਨ ਸਪਲਾਈ ਨਾਲ ਖੇਤੀਬਾੜੀ, ਘਰੇਲੂ ਅਤੇ ਉਦਯੋਗਿਕ ਖੇਤਰ ਲਈ ਵੀ ਬਿਜਲੀ ਦੀ ਲੋੜੀਂਦਾ ਸਪਲਾਈ ਯਕੀਨੀ ਬਣਾਈ ਜਾਵੇਗੀ।

ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ, ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਐਸਐਸਪੀ ਮਨਦੀਪ ਸਿੰਘ ਸਿੱਧੂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਅਤੇ ਵੱਡੀ ਗਿਣਤੀ ‘ਚ ਪਿੰਡ ਦੇ ਕਿਸਾਨ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਅਕਾਲੀ ਦਲ ਦਿੱਲੀ ਦਫਤਰ ’ਤੇ ਕਬਜ਼ੇ ਦੇ ਨਾਂ ’ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਬੰਦ ਕਰੇ : ਕਾਲਕਾ/ਕਾਹਲੋਂ

ਡਬਲਯੂ.ਐੱਫ.ਪੀ. ਅਫ਼ਗਾਨਿਸਤਾਨ ਨੂੰ ਸਪਲਾਈ ਕੀਤੀ ਕਣਕ ਨਾਲ “ਬਹੁਤ ਜ਼ਿਆਦਾ ਸੰਤੁਸ਼ਟ”