ਜਲੰਧਰ, 5 ਮਈ 2022 – ਪੰਜਾਬ ਦੇ ਗੁਰਦਾਸਪੁਰ ਦੇ ਕੀੜੀ ਅਫਗਾਨਾ ਤੋਂ ਉੱਤਰ ਪ੍ਰਦੇਸ਼ ਜਾ ਰਹੀ ਇੱਕ ਬੋਲੈਰੋ ਜੀਪ ਵਿੱਚ ਸਵਾਰ 25 ਦੇ ਕਰੀਬ ਲੋਕ ਹਾਦਸੇ ਦਾ ਸ਼ਿਕਾਰ ਹੋ ਗਏ। ਤੇਜ਼ ਰਫਤਾਰ ਜੀਪ ਹਾਈਵੇਅ ‘ਤੇ ਬੇਕਾਬੂ ਹੋ ਕੇ ਲੋਹੇ ਦੀ ਗਰਿੱਲ ਤੋੜ ਕੇ ਪਾਰਫੈਟ ਨੂੰ ਪਾਰ ਕਰਦੀ ਹੋਈ ਦੂਜੇ ਪਾਸੇ ਪਲਟ ਗਈ।
ਸ਼ੁਕਰ ਹੈ ਕਿ ਜਦੋਂ ਦੇਰ ਰਾਤ ਇਹ ਹਾਦਸਾ ਵਾਪਰਿਆ, ਉਸ ਸਮੇਂ ਕੋਈ ਵੀ ਵਾਹਨ ਦੂਜੇ ਰੂਟ ‘ਤੇ ਨਹੀਂ ਚੱਲ ਰਿਹਾ ਸੀ। ਨਹੀਂ ਤਾਂ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਇਸ ਹਾਦਸੇ ‘ਚ 6 ਦੇ ਕਰੀਬ ਲੋਕ ਜ਼ਖਮੀ ਹੋਏ ਹਨ, ਜੋ ਇਸ ਸਮੇਂ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਪੁਲਸ ਹਾਦਸੇ ਦੀ ਜਾਂਚ ‘ਚ ਲੱਗੀ ਹੋਈ ਹੈ।
ਜੀਪ ਵਿੱਚ ਸਵਾਰ ਔਰਤਾਂ ਅਤੇ ਬੱਚਿਆਂ ਨੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਕੀੜੀ ਅਫਗਾਨਾ ਵਿੱਚ ਖੰਡ ਮਿੱਲ ਅਤੇ ਖੇਤਾਂ ਵਿੱਚ ਕੰਮ ਕਰਦੇ ਹਨ ਅਤੇ ਫਸਲੀ ਚੱਕਰ ਖਤਮ ਹੋਣ ਹੋਣ ਅਤੇ ਖੰਡ ਮਿੱਲ ਬੰਦ ਹੋਣ ਕਾਰਨ ਉੱਤਰ ਪ੍ਰਦੇਸ਼ ਵਿੱਚ ਆਪਣੇ-ਆਪਣੇ ਘਰਾਂ ਨੂੰ ਜਾ ਰਹੇ ਸਨ।
ਸਾਰੇ ਲੋਕ ਆਪਣੇ ਬੱਚਿਆਂ ਨਾਲ ਜੀਪ ਨੰਬਰ ਯੂਪੀ 24 ਏਟੀ 1075 ਵਿੱਚ ਸਵਾਰ ਹੋ ਕੇ ਉੱਤਰ ਪ੍ਰਦੇਸ਼ ਜਾ ਰਹੇ ਸਨ। ਹਾਦਸੇ ਦੇ ਸਮੇਂ ਸਾਰੇ ਲੋਕ ਪਿਛਲੇ ਡੇਕ ‘ਤੇ ਸੁੱਤੇ ਹੋਏ ਸਨ ਅਤੇ ਸਮਾਨ ਉੱਪਰ ਬੰਕ ‘ਤੇ ਰੱਖਿਆ ਹੋਇਆ ਸੀ। ਉਨ੍ਹਾਂ ਨੂੰ ਪਤਾ ਨਹੀਂ ਲੱਗਾ ਕਿ ਜੀਪ ਕਿਵੇਂ ਪਲਟ ਗਈ। ਹਾਲਾਂਕਿ ਇਹ ਜ਼ਰੂਰ ਦੱਸਿਆ ਗਿਆ ਕਿ ਜੀਪ ਬਹੁਤ ਤੇਜ਼ ਰਫਤਾਰ ਨਾਲ ਜਾ ਰਹੀ ਸੀ।