ਚੰਡੀਗੜ੍ਹ, 5 ਮਈ 2022 – ਚੰਡੀਗੜ੍ਹ ਨੇ ਸੈਕਟਰ-11/12 ਦੀ ਡਿਵਾਈਡਿੰਗ ਰੋਡ ‘ਤੇ ਬੁੱਧਵਾਰ ਦੇਰ ਰਾਤ ਇਕ ਨੌਜਵਾਨ ਲੜਕੀ ਨੇ ਸੜਕ ‘ਤੇ ਹੰਗਾਮਾ ਕਰ ਦਿੱਤਾ। ਲੜਕੀ ਇਕ ਕਾਰ ਦੀ ਛੱਤ ‘ਤੇ ਚੜ੍ਹ ਗਈ ਅਤੇ ਪੁਲਸ ਨੂੰ ਉਸ ਨੂੰ ਹੇਠਾਂ ਉਤਾਰਨ ਲਈ ਕਾਫੀ ਪਸੀਨਾ ਵਹਾਉਣਾ ਪਿਆ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲਸ ਨੇ ਲੜਕੀ ਨੂੰ ਹੇਠਾਂ ਉਤਾਰਿਆ ਅਤੇ ਮੈਡੀਕਲ ਕਰਵਾਉਣ ਲਈ ਸੈਕਟਰ-16 ਦੇ ਹਸਪਤਾਲ ਪਹੁੰਚਾਇਆ।
ਅਸਲ ‘ਚ ਦੇਰ ਰਾਤ ਲੜਕੀ ਨੇ ਆਲਟੋ ਕਾਰ ਦੀ ਛੱਤ ‘ਤੇ ਚੜ੍ਹ ਕੇ ਹਾਈ ਵੋਲਟੇਜ ਡਰਾਮਾ ਕੀਤਾ। ਲੜਕੀ ਦੀ ਹਰਕਤ ਦੇਖ ਕੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਆਪਣੇ ਮੋਬਾਈਲਾਂ ਤੋਂ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਸੜਕ ’ਤੇ ਭੀੜ ਹੋਣ ਕਾਰਨ ਆਵਾਜਾਈ ਜਾਮ ਹੋ ਗਈ। ਇਸ ਤੋਂ ਬਾਅਦ ਕਿਸੇ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਮੌਕੇ ‘ਤੇ ਪਹੁੰਚੀ ਪੁਲਸ ਨੇ ਲੜਕੀ ਨੂੰ ਕਾਰ ਤੋਂ ਹੇਠਾਂ ਉਤਰਨ ਲਈ ਕਿਹਾ ਪਰ ਉਸ ਨੇ ਪੁਲਸ ਦੀ ਗੱਲ ਨਹੀਂ ਸੁਣੀ। ਕਿਸੇ ਤਰ੍ਹਾਂ ਮਹਿਲਾ ਪੁਲੀਸ ਮੁਲਾਜ਼ਮ ਉਸ ਨੂੰ ਕਾਰ ਦੀ ਛੱਤ ਤੋਂ ਹੇਠਾਂ ਉਤਾਰ ਕੇ ਆਪਣੇ ਨਾਲ ਲੈ ਗਏ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਹਾਲਾਂਕਿ ਲੜਕੀ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਉਸ ਨੂੰ ਛੱਡ ਦਿੱਤਾ ਗਿਆ। ਇਹੀ ਨਹੀਂ, ਲੜਕੀ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟ ‘ਚ ਹੋਵੇਗੀ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਉਤਰਾਖੰਡ ਦੀ ਰਹਿਣ ਵਾਲੀ ਹੈ। ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਪੀਜੀਆਈ ਕੈਂਪਸ ਵਿੱਚ ਇੱਕ ਮੈਡੀਕਲ ਸਟੋਰ ਵਿੱਚ ਕੰਮ ਕਰਨ ਲਈ ਕੁਝ ਦਿਨ ਪਹਿਲਾਂ ਚੰਡੀਗੜ੍ਹ ਆਈ ਸੀ। ਉਸ ਨੂੰ ਪਹਿਲੇ ਟਰਾਇਲ ਬੇਸ ‘ਤੇ ਰੱਖਣ ਤੋਂ ਬਾਅਦ ਦੂਜੇ ਦਿਨ ਦੁਕਾਨ ‘ਤੇ ਲੇਟ ਪਹੁੰਚਣ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਸ਼ਿਕਾਇਤ ਪੀਜੀਆਈ ਪੁਲੀਸ ਚੌਕੀ ਨੂੰ ਵੀ ਦਿੱਤੀ ਸੀ।