ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ SGPC ਨੇ 11 ਮਈ ਨੂੰ ਬੁਲਾਈ ਜਥੇਬੰਦੀਆਂ ਦੀ ਇਕੱਤਰਤਾ

  • ਗੁਰਬਾਣੀ ਨਾਲ ਸਬੰਧਤ ਇੰਟਰਨੈੱਟ ਐਪਸ ਨੂੰ ਜਾਂਚਣ ਲਈ ਸਬ-ਕਮੇਟੀ ਕਰੇਗੀ ਕਾਰਜ-ਐਡਵੋਕੇਟ ਧਾਮੀ

ਅੰਮ੍ਰਿਤਸਰ, 5 ਮਈ 2022 – ਸਿੱਖ ਪੰਥ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਲੰਮੇ ਅਰਸੇ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਸਬੰਧੀ ਸਾਂਝੇ ਯਤਨਾਂ ਲਈ ਸਿੱਖ ਪੰਥ ਦੀਆਂ ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੀ ਵਿਸ਼ੇਸ਼ ਇਕੱਤਰਤਾ 11 ਮਈ ਨੂੰ ਬੁਲਾਈ ਗਈ ਹੈ, ਜੋ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗੀ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੱਜ ਮੀਡੀਆ ਦੇ ਰੂਬਰੂ ਹੁੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਆਦੇਸ਼ ਪ੍ਰਾਪਤ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਸਮੇਤ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝੇ ਯਤਨ ਕਰਨ, ਜਿਸ ਤਹਿਤ 11 ਮਈ ਨੂੰ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਹ ਮਾਮਲਾ ਬੇਹੱਦ ਸੰਜੀਦਾ ਹੈ ਕਿਉਂਕਿ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਇਕ ਪਾਸੇ 1984 ਦੇ ਸਿੱਖ ਕਤਲੇਆਮ ’ਚ ਦੋਸ਼ੀ ਕਿਸ਼ੋਰੀ ਲਾਲ ਨੂੰ ਕਈ ਵਾਰ ਫਰਲੋ ਅਤੇ ਪੈਰੋਲ ਦਿੱਤੀ ਗਈ ਹੈ, ਪਰੰਤੂ ਦੂਸਰੇ ਪਾਸੇ ਉਮਰ ਕੈਦ ਤੋਂ ਵੱਧ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਿੱਲੀ ਦੀ ਕੇਜਰੀਵਾਲ ਸਰਕਾਰ ’ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਜਾਣਬੁਝ ਕੇ ਅੜਿੱਕਾ ਬਣਨ ਦੀ ਵੀ ਨੁਕਤਾਚੀਨੀ ਕੀਤੀ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ 11 ਮਈ ਨੂੰ ਸਿੱਖ ਜਥੇਬੰਦੀਆਂ ਅਤੇ ਸੰਪ੍ਰਦਾਵਾਂ ਸਿਰ ਜੋੜ ਕੇ ਬੈਠਣਗੀਆਂ ਅਤੇ ਜੋ ਵੀ ਭਵਿੱਖੀ ਰਣਨੀਤੀ ਤੈਅ ਹੋਵੇਗੀ ਉਸ ਤਹਿਤ ਅੱਗੇ ਵਧਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਰੜੇ ਸੰਘਰਸ਼ ਦੀ ਲੋੜ ਪਈ ਤਾਂ ਪਿੱਛੇ ਨਹੀਂ ਹਟਿਆ ਜਾਵੇਗਾ। ਉਨ੍ਹਾਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਇਸ ਇਕੱਤਰਤਾ ਵਿਚ ਸ਼ਾਮਲ ਹੋਣ।

ਇਸ ਦੌਰਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮ ਅਨੁਸਾਰ ਇੰਟਰਨੈੱਟ ਐਪਸ ’ਤੇ ਗੁਰਬਾਣੀ ਦੀ ਸ਼ੁੱਧਤਾ ਜਾਂਚਣ ਕਰਨ ਲਈ ਇਕ ਸਬ-ਕਮੇਟੀ ਗਠਤ ਕਰ ਦਿੱਤੀ ਗਈ ਹੈ। ਇਸ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ, ਅਧਿਕਾਰੀ, ਇੰਟਰਨੈੱਟ ਵਿਭਾਗ ਦੇ ਕਰਮਚਾਰੀ ਅਤੇ ਕਾਨੂੰਨੀ ਵਿਭਾਗ ਦੇ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਮੇਟੀ ਵੱਖ-ਵੱਖ ਐਪਸ ’ਤੇ ਨਿਤਨੇਮ ਦੀਆਂ ਬਾਣੀਆਂ ਸਮੇਤ ਹੋਰ ਪਾਵਨ ਗੁਰਬਾਣੀ ਨੂੰ ਚੈੱਕ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ, ਜਿਸ ਤਹਿਤ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਐਪ ਜਾਂ ਵੈੱਬਸਾਈਟ ’ਤੇ ਗੁਰਬਾਣੀ ਅਪਲੋਡ ਕਰਨ ਲਈ ਧਰਮ ਪ੍ਰਚਾਰ ਕਮੇਟੀ ਤੋਂ ਮਾਨਤਾ ਲੈਣੀ ਜ਼ਰੂਰੀ ਕੀਤੀ ਜਾਵੇਗੀ ਅਤੇ ਜੇਕਰ ਕੋਈ ਮਨਮਰਜ਼ੀ ਨਾਲ ਗੁਰਬਾਣੀ ਨੂੰ ਐਪਸ ’ਤੇ ਅਪਲੋਡ ਕਰਨ ਲਈ ਬਜਿੱਦ ਰਹੇਗਾ, ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਦੌਰਾਨ ਤੰਤੀ ਸਾਜ਼ਾਂ ਦੀ ਵਰਤੋਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਆਦੇਸ਼ ਬਾਰੇ ਕਿਹਾ ਕਿ ਫਿਲਹਾਲ ਹੈੱਡ ਗ੍ਰੰਥੀ ਸਾਹਿਬ ਨਾਲ ਵਿਚਾਰ-ਵਟਾਂਦਰਾ ਕਰਕੇ ਰੋਜ਼ਾਨਾ ਇਕ ਜਥੇ ਤੋਂ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਭਵਿੱਖ ਵਿਚ ਇਸ ਦਾ ਵਿਸਥਾਰ ਹੋਵੇਗਾ। ਐਡਵੋਕੇਟ ਧਾਮੀ ਨੇ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੇ ਜਿਹੜੇ ਸਟਾਫ਼ ਦੀਆਂ ਤਨਖ਼ਾਹਾਂ ਲੰਬਤ ਪਈਆਂ ਹਨ, ਦੋ ਹਫ਼ਤਿਆਂ ਵਿਚ ਉਸ ਦੇ ਪਿਛਲੇ ਬਕਾਏ ਦੀ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦੇ ਸਟਾਫ਼ ਨੂੰ ਭਵਿੱਖ ਵਿਚ ਅਦਾਰੇ ਨੂੰ ਆਪਣਾ ਵਿੱਤੀ ਭਾਰ ਚੁੱਕਣ ਲਈ ਸਰਗਰਮ ਹੋਣ ਲਈ ਵੀ ਕਿਹਾ ਗਿਆ ਹੈ, ਤਾਂ ਜੋ ਅੱਗੇ ਤੋਂ ਅਜਿਹੀ ਮੁਸ਼ਕਲ ਨਾ ਆਵੇ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਦੀ ਬਕਾਇਆ ਐਸਸੀ ਸਕਾਲਰਸ਼ਿਪ ਤੁਰੰਤ ਜਾਰੀ ਕੀਤੀ ਜਾਵੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਬੰਡਾਲਾ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ਼੍ਰੋਮਣੀ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਸ਼ਾਹਬਾਜ਼ ਸਿੰਘ ਆਦਿ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਸ਼ਵਨੀ ਸ਼ਰਮਾ ਦੇ ਸੱਦੇ ‘ਤੇ ਪੰਜਾਬ ਭਰ ‘ਚ ਭਾਜਪਾ ਵਰਕਰਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਬਰਜਿੰਦਰ ਪਰਵਾਨਾ ਨੂੰ ਅਦਾਲਤ ‘ਚ ਕੀਤਾ ਗਿਆ ਪੇਸ਼, ਭੇਜਿਆ 9 ਤਾਰੀਕ ਤੱਕ ਪੁਲਿਸ ਰਿਮਾਂਡ ‘ਤੇ