ਨਵੀਂ ਦਿੱਲੀ, 7 ਮਈ 2022 – ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਅਗਵਾ ਕੀਤੇ ਗਏ ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਦੀ ਰਿਹਾਈ ਨਾਲ ਅਹੰਕਾਰੀ, ਬਦਲਾਖੋਰੀ ਤੇ ਦੁਰਾਚਾਰ ਲੋਕਾਂ ਦੀ ਹਾਰ ਹੋਈ ਹੈ ਅਤੇ ਸੱਚਾਈ, ਇਨਸਾਫ, ਕਾਨੂੰਨ ਤੇ ਸੰਵਿਧਾਨ ਦੀ ਬਹੁਤ ਵੱਡੀ ਜਿੱਤ ਹੋਈ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਇਹ ਯਾਦ ਰੱਖਣ ਕਿ ਪੰਜਾਬ ਦੀ ਸਰਕਾਰ ਨੇ ਅੱਜ ਪੂਰੇ ਦੇਸ਼ ਅੰਦਰ ਸਿੱਖਾਂ ਨੂੰ ਬਦਨਾਮ ਕੀਤਾ ਤੇ ਪੰਜਾਬ ਪੁਲਿਸ ਨੁੰ ਟਕਰਾਅ ਦੇ ਰਾਹ ਪਾਇਆ ਤਾਂ ਜੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਊਮੈ ਤੇ ਬਦਲਾਖੋਰੀ ਦੀ ਪੂਰਤੀ ਕੀਤੀ ਜਾ ਸਕੇ।
ਉਹਨਾਂ ਕਿਹਾ ਕਿ ਅੱਜ ਅਗਵਾਕਾਰੀ ਵਿਚ ਸ਼ਾਮਲ ਪੁਲਿਸ ਅਫਸਰਾਂ ਨੇ ਇਹ ਪਾਪ ਕੀਤਾ ਹੈ ਤੇ ਇਹ ਗੈਰ ਕਾਨੂੰਨੀ ਕੰਮ ਕੀਤਾ ਜਿਸਦੀ ਸਜ਼ਾ ਅਸੀਂ ਉਹਨਾਂ ਨੂੰ ਕਾਨੂੰਨ ਮੁਤਾਬਕ ਦੁਆਵਾਂਗੇ।
ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਹ ਯਾਦ ਰੱਖਣ ਕਿ ਉਹ ਸਾਨੁੰ ਜੇਲ੍ਹਾਂ ਵਿਚ ਤਾਂ ਬੰਦ ਕਰ ਸਕਦੇ ਹਨ ਪਰ ਸਾਨੂੰ ਡਰਾ ਧਮਕਾ ਨਹੀਂ ਸਕਦੇ ਤੇ ਨਾ ਸਾਡੀ ਆਵਾਜ਼ ਬੰਦ ਕਰ ਸਕਦੇ ਹਨ। ਉਹਨਾਂ ਕਿਹਾ ਕਿ ਤੁਸੀਂ ਜੇਲ੍ਹਾਂ ਵਿਚ ਸਾਨੁੰ ਰੱਖ ਸਕਦੇ ਹੋ, ਅਤਿਆਚਾਰ ਕਰ ਸਕਦੇ ਹੋ ਪਰ ਜੋ ਤੁਸੀਂ ਪੰਜਾਬ ਦੀ ਲੁੱਟ ਖਸੁੱਟ ਕਰ ਰਹੇ ਹੋ ਅਤੇ ਪੰਜਾਬ ਦਾ ਪੈਸਾ ਦੂਜੇ ਸੂਬਿਆਂ ਵਿਚ ਲੁਟਾ ਰਹੇ ਹੋ, ਇਹ ਸਾਰੀਆਂ ਚੀਜ਼ਾਂ ਅਸੀਂ ਦੇਸ਼ ਦੇ ਅੱਗੇ ਲਿਆਂਦੇ ਰਹਾਂਗੇ।
ਉਹਨਾਂ ਕਿਹਾ ਕਿ ਅੱਜ ਦੀ ਜਿੱਤ ਅਹੰਕਾਰੀਆਂ ਤੇ ਦੁਰਾਚਾਰੀਆਂ ਦੀ ਹਾਰ ਹੈ ਤੇ ਭਾਜਪਾ ਦੇ ਵਰਕਰ ਦੀ ਜਿੱਤ ਹੈ।