- ਗੁਰਬਾਣੀ ਦੀਆਂ ਗਲਤੀਆਂ ਕਾਫੀ ਪੁਰਾਤਨ, ਅਸੀਂ ਕੋਈ ਛੇੜਛਾੜ ਨਹੀਂ ਕੀਤੀ : ਬਾਬਾ ਸੁਰਿੰਦਰ ਸਿੰਘ
ਨਵੀਂ ਦਿੱਲੀ, 8 ਮਈ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਚਲ ਰਹੀ ਕਾਰ ਸੇਵਾ ਦੌਰਾਨ ਵਿਘਨ ਪਾ ਕੇ ਸਿਆਸਤ ਚਮਕਾਉਣ ਦੇ ਯਤਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
ਅੱਜ ਇਥੇ ਬਾਬਾ ਸੁਰਿੰਦਰ ਸਿੰਘ, ਬਾਬਾ ਰਵੀ ਤੇ ਗ੍ਰੰਥੀ ਸਾਹਿਬਾਨ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਾਬਾ ਬੱਚਨ ਸਿੰਘ ਜੀ ਦੀ ਅਗਵਾਈ ਹੇਠ ਕਾਰ ਸੇਵਾ ਦਾ ਕੰਮ ਚਲ ਰਿਹਾ ਹੈ ਤੇ ਇਸ ਚਲਦੀ ਸੇਵਾ ਦੀਆਂ ਤਸਵੀਰਾਂ ਲੈ ਕੇ ਕੁਝ ਲੋਕ ਸਿਆਸਤ ਚਮਕਾਉਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਤਾਂ ਇਹੋ ਗੱਲ ਹੋਈ ਕਿ ਰੋਜ਼ਾਨਾ ਜਿਹੜਾ ਮੁੱਖ ਵਾਕ ਅਸੀਂ ਬੋਰਡ ’ਤੇ ਲਿਖਦੇ ਹਾਂ, ਉਸਦੀ ਅੱਧੇ ਦੀ ਫੋਟੋ ਖਿੱਚ ਕੇ ਰੌਲਾ ਪਾ ਦੇਣਾ ਕਿ ਅੱਧਾ ਮੁੱਖ ਵਾਕ ਲਿਖਿਆ ਹੈ। ਉਹਨਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਸੋਭਾ ਨਹੀਂ ਦਿੰਦੀਆਂ। ਉਹਨਾਂ ਕਿਹਾ ਕਿ ਜੋ ਗੁਰਬਾਣੀ ਦੀਆਂ ਪੁਰਾਤਨ ਗਲਤੀਆਂ ਹਨ, ਉਹਨਾਂ ਨੁੰ ਦਰੁੱਸਤ ਕਰਨ ਵਾਸਤੇ ਗ੍ਰੰਥੀ ਸਾਹਿਬਾਨ ਦੀ ਡਿਊਟੀ ਲਗਾਈ ਗਈ ਹੈ ਤੇ ਕੁਝ ਥਾਵਾਂ ’ਤੇ ਸਿਰਫ ਖੁਦਾਈ ਨਾਲ ਹੀ ਦਰੁੱਸਤੀ ਸੰਭਵ ਹੈ ਜਿਸ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਜਾ ਰਹੀ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਇਹ ਸਿੱਖਾਂ ਦੀ ਪ੍ਰਮੁੱਖ ਸੰਸਥਾ ਦਿੱਲੀ ਗੁਰਦੁਆਰਾ ਕਮੇਟੀ ਨੂੰ ਬਦਨਾਮ ਕਰਨ ਦੀ ਇਕ ਸਾਜ਼ਿਸ਼ ਹੈ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੁੰ ਵੀ ਇਹ ਅਪੀਲ ਕੀਤੀ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲੇ ਤੇ ਉਹਨਾਂ ਕੋਲ ਸ਼ਿਕਾਇਤਾਂ ਦੇਣ ਵਾਲੇ ਅਨਸਰਾਂ ਦਾ ਪਿਛੋਕੜ ਵੇਖ ਕੇ ਉਹਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਮੌਕੇ ਬਾਬਾ ਸੁਰਿੰਦਰ ਸਿੰਘ ਜੀ ਨੇ ਦੱਸਿਆ ਜੋ ਤੁਕਾਂ ਲਿਖੀਆਂ ਹਨ, ਉਹ ਪੁਰਾਣੇ ਸਮੇਂ ਦੀਆਂ ਲਿਖੀਆਂ ਹਨ, ਅਸੀਂ ਉਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਲਗਾ ਮਾਤਰਾ ਨਾ ਲਗਾਈ ਹੈ ਤੇ ਨਾ ਹਟਾਈ ਹੈ। ਉਹਨਾਂ ਕਿਹਾ ਕਿ ਕੁਝ ਗਲਤੀਆਂ ਜਿਹੜੀਆਂ ਪੁਰਾਤਨ ਹਨ, ਪ੍ਰਧਾਨ ਦਿੱਲੀ ਗੁਰਦੁਆਰਾ ਕਮੇਟੀ ਨੇ ਗ੍ਰੰਥੀ ਸਿੰਘਾਂ ਦੀ ਡਿਊਟੀ ਲਗਾਈ ਹੈ, ਉਹ ਚੈਕ ਕਰ ਕੇ ਠੀਕ ਕੀਤਾ ਜਾਵੇਗਾ।
ਇਸ ਮੌਕੇ ਗ੍ਰੰਥੀ ਸਾਹਿਬਾਨ ਨੇ ਦੱਸਿਆ ਕਿ ਬਾਬਾ ਬੱਚਨ ਸਿੰਘ, ਬਾਬਾ ਸੁਰਿੰਦਰ ਸਿੰਘ ਤੇ ਹੋਰਨਾਂ ਨੇ ਕਿਹਾ ਸੀ ਕਿ ਜੋ ਪੁਰਾਤਨ ਲਿਖੀਆਂ ਹਨ, ਅਸੀਂ ਉਹਨਾਂ ਵਿਚ ਛੇੜਛਾੜ ਨਹੀਂ ਕਰਾਂਗੇ। ਕੁਝ ਗਲਤੀਆਂ ਹਨ ਜੋ ਪੁਰਾਣੀਆਂ ਹਨ ਤੇ ਸਾਡੀ ਡਿਊਟੀ ਇਹਨਾਂ ਨੂੰ ਦਰੁੱਸਤ ਕਰਨ ਵਾਸਤੇ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇਸ ਵੇਲੇ ਕੰਮ ਚਲ ਰਿਹਾ ਹੈ ਤੇ ਚਲਦੇ ਕੰਮ ਵਿਚ ਦਖਲ ਮੰਦਭਾਗਾ ਹੈ।
ਇਸ ਮੌਕੇ ਸਰਦਾਰ ਕਾਲਕਾ ਨੇ ਸੰਗਤਾਂ ਨੁੰ ਅਪੀਲ ਕਿ ਕੀਤੀ ਕਿ ਉਹ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਜਿਹੜੇ ਲੋਕ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ, ਆਪਣੀ ਸਿਆਸਤ ਚਮਕਾਉਣ ਵਾਸਤੇ ਅਜਿਹੇ ਗਲਤ ਸੰਦੇਸ਼ ਪਾਉਦੇ ਹਨ, ਕਮੇਟੀ ਨੁੰ ਭੰਡਣ ਦੀ ਕੋਸ਼ਿਸ਼ ਕਰਦੇ ਹਨ।