ਮੁੰਬਈ, 9 ਮਈ 2022 – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ ਆਈ ਏ) ਨੇ ਮੁੰਬਈ ਵਿੱਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਅਤੇ ਉਸ ਦੇ ਸਾਥੀਆਂ ਸਮੇਤ ਕੁਝ ਹਵਾਲਾ ਸੰਚਾਲਕਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਇਨ੍ਹਾਂ ਨਾਲ ਸਬੰਧਤ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਹਨ। ਐੱਨਆਈਏ ਮੁਤਾਬਕ ਜਿਨ੍ਹਾਂ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ, ਉਨ੍ਹਾਂ ‘ਚ ਨਾਗਪਾੜਾ, ਗੋਰੇਗਾਂਵ, ਬੋਰੀਵਲੀ, ਸਾਂਤਾਕਰੂਜ਼, ਮੁੰਬਰਾ, ਭਿੰਡੀ ਬਾਜ਼ਾਰ ਅਤੇ ਹੋਰ ਕਈ ਥਾਵਾਂ ਸ਼ਾਮਲ ਹਨ। ਦੱਸ ਦਈਏ ਕਿ ਦਾਊਦ ਨਾਲ ਕਈ ਹਵਾਲਾ ਸੰਚਾਲਕ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਜੁੜੇ ਸਨ ਅਤੇ NIA ਨੇ ਫਰਵਰੀ ‘ਚ ਇਸ ਸਬੰਧ ‘ਚ ਮਾਮਲਾ ਵੀ ਦਰਜ ਕੀਤਾ ਸੀ।
ਦੱਸ ਦੇਈਏ ਕਿ ਦਾਊਦ ਇਬਰਾਹਿਮ ਭਾਰਤ ਦੀ ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਹੈ ਅਤੇ ਪਾਕਿਸਤਾਨ ‘ਚ ਬੈਠ ਕੇ ਆਪਣਾ ਗੈਰ-ਕਾਨੂੰਨੀ ਕਾਰੋਬਾਰ ਚਲਾ ਰਿਹਾ ਹੈ। ਪਹਿਲਾਂ ਵੀ ਕਈ ਵਾਰ ਅਜਿਹੀਆਂ ਖਬਰਾਂ ਆ ਚੁੱਕੀਆਂ ਹਨ ਕਿ ਇਸ ਨੂੰ ਪਾਕਿਸਤਾਨ ਦੀ ਸਰਕਾਰ ਅਤੇ ਫੌਜ ਦਾ ਪੂਰਾ ਸਮਰਥਨ ਹਾਸਲ ਹੈ। ਹਾਲਾਂਕਿ, ਪਾਕਿਸਤਾਨ ਸਰਕਾਰ ਲਗਾਤਾਰ ਇਸ ਗੱਲ ਤੋਂ ਇਨਕਾਰ ਕਰਦੀ ਰਹੀ ਹੈ ਕਿ ਦਾਊਦ ਇਬਰਾਹਿਮ ਜਾਂ ਉਸਦੇ ਸਾਥੀ ਪਾਕਿਸਤਾਨ ਵਿੱਚ ਰਹਿੰਦੇ ਹਨ। ਹਾਲਾਂਕਿ ਭਾਰਤ ਇਸ ਸਬੰਧੀ ਕਈ ਵਾਰ ਪਾਕਿਸਤਾਨ ਸਰਕਾਰ ਨੂੰ ਸਬੂਤ ਵੀ ਦੇ ਚੁੱਕਾ ਹੈ। ਭਾਰਤ ਵੱਲੋਂ ਇਸ ਸਬੰਧ ਵਿੱਚ ਪਾਕਿਸਤਾਨ ਨੂੰ ਸੌਂਪੇ ਗਏ ਡੋਜ਼ੀਅਰ ਵਿੱਚ ਦਾਊਦ ਦੇ ਪੂਰੇ ਪਤੇ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦਾਊਦ ਇਬਰਾਹਿਮ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਮਿਆਂਦਾਦ ਦਾ ਚਚੇਰਾ ਭਰਾ ਵੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ‘ਚ ਵੀ ਵੱਖ-ਵੱਖ ਜਾਂਚ ਏਜੰਸੀਆਂ ਨੇ ਦੇਸ਼ ਭਰ ‘ਚ ਖਾਸਕਰ ਮੁੰਬਈ ਅਤੇ ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ‘ਚ ਦਾਊਦ ਇਬਰਾਹਿਮ ਦੇ ਸਾਥੀਆਂ ਖਿਲਾਫ ਛਾਪੇਮਾਰੀ ਕੀਤੀ ਹੈ। ਇਸ ਵਾਰ ਵੀ ਛਾਪੇਮਾਰੀ ਜਾਂਚ ਏਜੰਸੀਆਂ ਨੂੰ ਮਿਲੀ ਠੋਸ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਹੈ।