ਮੋਹਾਲੀ, 9 ਮਈ 2022 – ਐਤਵਾਰ ਦੇਰ ਰਾਤ ਕੁਰਾਲੀ ਸ਼ਹਿਰ ਵਿੱਚੋਂ ਲੰਘਦੇ ਨੈਸ਼ਨਲ ਹਾਈਵੇਅ ’ਤੇ ਰੇਲਵੇ ਓਵਰਬ੍ਰਿਜ ’ਤੇ ਹਰਿਆਣਾ ਰੋਡਵੇਜ਼ ਅਤੇ ਡੇਰਾ ਬਿਆਸ ਬੱਸਾਂ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਹਾਦਸੇ ‘ਚ ਇੱਕ ਔਰਤ ਸਮੇਤ ਦੋ ਸਵਾਰੀਆਂ ਦੀ ਮੌਤ ਹੋ ਗਈ।
ਇਹ ਹਾਦਸਾ ਐਤਵਾਰ ਦੇਰ ਰਾਤ ਕਰੀਬ ਸਵਾ ਸਵਾ ਵਜੇ ਵਾਪਰਿਆ ਜਦੋਂ ਹਰਿਆਣਾ ਰੋਡਵੇਜ਼ ਫਰੀਦਾਬਾਦ ਡਿਪੂ ਦੀ ਸਵਾਰੀਆਂ ਨਾਲ ਭਰੀ ਬੱਸ ਡੇਰਾ ਬਿਆਸ ਜੋ ਰੇਲਵੇ ਓਵਰਬ੍ਰਿਜ ‘ਤੇ ਸਾਹਮਣੇ ਆ ਰਹੀ ਸੀ, ਦੀ ਆਹਮੋ-ਸਾਹਮਣੀ ਜ਼ੋਰਦਾਰ ਟੱਕਰ ਹੋ ਗਈ। ਇਸ ਦੌਰਾਨ ਹਰਿਆਣਾ ਰੋਡਵੇਜ਼ ਦੇ ਡਰਾਈਵਰ ਨੇ ਬੱਸ ਨੂੰ ਖੱਬੇ ਪਾਸੇ ਮੋੜ ਲਿਆ। ਇਸ ਕਾਰਨ ਹਰਿਆਣਾ ਰੋਡਵੇਜ਼ ਦੀ ਬੱਸ ਰੇਲਿੰਗ ਤੋੜ ਕੇ ਪੁਲ ਦੇ ਉੱਪਰ ਹਵਾ ਵਿੱਚ ਲਟਕ ਗਈ। ਇਸ ਦੌਰਾਨ ਝਟਕੇ ਕਾਰਨ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਅਤੇ ਕਰੀਬ 80 ਫੁੱਟ ਦੀ ਉਚਾਈ ਤੋਂ ਪੁਲ ਦੀ ਸਰਵਿਸ ਲੇਨ ‘ਤੇ ਡਿੱਗ ਕੇ ਬੱਸ ਦਾ ਡਰਾਈਵਰ ਅਤੇ ਕੰਡਕਟਰ ਜ਼ਖਮੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਹਾਦਸੇ ‘ਚ 15 ਤੋਂ 16 ਸਵਾਰੀਆਂ ਜ਼ਖ਼ਮੀਆਂ ਹੋ ਗਈਆਂ ਜਿਹਨਾਂ ਨੂੰ ਇਲਾਜ ਲਈ ਖਰੜ, ਪੀ.ਜੀ.ਆਈ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਏ ਐਸ ਆਈ ਰਜਿੰਦਰ ਰਾਣਾ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਔਰਤ ਸਮੇਤ ਦੋ ਸਵਾਰੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਰੋਡਵੇਜ਼ ਦੀ ਬੱਸ ਫਰੀਦਾਬਾਦ ਜਾ ਰਹੀ ਸੀ ਅਤੇ ਸਵਾਰੀਆਂ ਮੁਤਾਬਕ ਡਰਾਈਵਰ ਬੱਸ ਨੂੰ ਲਾਪਰਵਾਹੀ ਅਤੇ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਥਾਣਾ ਸਿਟੀ ਪੁਲੀਸ ਨੇ ਹਰਿਆਣਾ ਰੋਡਵੇਜ਼ ਦੀ ਜ਼ਖ਼ਮੀ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।