- ਸੰਗਤਾਂ ਵੱਧ ਚੜ ਕੇ ਸੇਵਾ ਵਿਚ ਹਿੱਸਾ ਪਾਉਣ : ਕਾਲਕਾ, ਕਾਹਲੋਂ
ਨਵੀਂ ਦਿੱਲੀ, 9 ਮਈ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਇਥੇ ਗੁਰਦੁਆਰਾ ਸੀਸ ਗੰਜ ਸਾਹਿਬ ਨੇੜੇ ਭਾਈ ਮਤੀ ਦਾਸ ਚੌਂਕ ਦੇ ਸੁੰਦਰੀਕਰਨ ਦੀ ਸੇਵਾ ਆਰੰਭ ਕੀਤੀ ਗਈ। ਇਹ ਚੌਂਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਯਾਦਗਾਰ ਹੈ ਜਿਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸ਼ਹਾਦਤਾਂ ਦਿੱਤੀਆਂ ਸਨ।
ਇਸ ਮੌਕੇ ਵੱਡੀ ਗਿਣਤੀ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਪਵਿੱਤਰ ਅਸਥਾਨ ’ਤੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਤੋਂ ਆਉਦੀ ਸੰਗਤ ਦੀ ਇਹ ਚਿਰੋਕਣੀ ਮੰਗ ਸੀ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਥੀ ਗੁਰੂ ਸਾਹਿਬ ਨਾਲ ਡਟੇ ਰਹੇ, ਜ਼ੁਲਮ ਦੀ ਪਰਵਾਹ ਨਹੀਂ ਕੀਤੀ ਤੇ ਸ਼ਹਾਦਤਾਂ ਦਿੱਤੀਆਂ, ਉਹਨਾਂ ਦੇ ਅਸਥਾਨ ਦਾ ਵੀ ਸੁੰਦਰੀਕਰਨ ਹੋਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਇਹਨਾਂ ਅਸਥਾਨ ਦੇ ਦਰਸ਼ਨ ਕਰ ਸਕਣ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਅੱਜ ਕਈ ਸਾਲਾਂ ਮਗਰੋਂ ਸੰਗਤ ਦੀ ਇਹ ਮੰਗ ਪੂਰੀ ਹੋਣ ਜਾ ਰਹੀ ਹੈ ਤੇ ਅੱਜ ਤੋਂ ਇਸ ਅਸਥਾਨ ਦੇ ਸੁੰਦਰੀਕਰਨ ਦੀ ਸੇਵਾ ਆਰੰਭ ਹੋਈ ਹੈ। ਉਹਨਾਂ ਨੇ ਸੰਗਤਾਂ ਨੁੰ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਇਸ ਸੇਵਾ ਵਿਚ ਹਿੱਸਾ ਪਾਉਣ।
ਉਹਨਾਂ ਨੇ ਦਿੱਲੀ ਸਰਕਾਰ ਦਾ ਧੰਨਵਾਦ ਕੀਤਾ ਜਿਸਨੇ ਪ੍ਰਾਜੈਕਟ ਨੁੰ ਪਾਸ ਕੀਤਾ ਤੇ ਸੁੰਦਰੀਕਰਨ ਦੀ ਆਗਿਆ ਦਿੱਤੀ ਤੇ ਕਿਹਾ ਕਿ ਅਜਿਹੇ ਕੰਮ ਦੀ ਪ੍ਰਵਾਨਗੀ ਸਰਕਾਰਾਂ ਹੀ ਦਿੰਦੀਆਂ ਹਨ। ਉਹਨਾਂ ਨੇ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲਿਆਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਇਹ ਸੇਵਾ ਸ਼ੁਰੂ ਕਰਨ ਦੀ ਸਹਿਮਤੀ ਦਿੱਲੀ ਕਮੇਟੀ ਦੀ ਬੇਨਤੀ ’ਤੇ ਦਿੱਤੀ। ਉਹਨਾਂ ਨਾਲ ਹੀ ਇਹ ਪ੍ਰਾਜੈਕਟ ਪਾਸ ਕਰਵਾਉਣ ਵਿਚ ਅਹਿਮ ਰੋਲ ਅਦਾ ਕਰਨ ’ਤੇ ਦਿੱਲੀ ਕਮੇਟੀ ਮੈਂਬਰ ਸਰਦਾਰ ਅਮਰਜੀਤ ਸਿੰਘ ਪਿੰਕੀ ਤੇ ਕਮੇਟੀ ਦੇ ਜੁਆਇੰਟ ਸਕੱਤਰ ਸਰਦਾਰ ਜਸਮੇਨ ਸਿੰਘ ਨੋਨੀ ਦਾ ਵੀ ਧੰਨਵਾਦ ਕੀਤਾ ਤੇ ਨਾਲ ਹੀ ਵੱਖ ਵੱਖ ਪੰਥਕ ਜਥੇਬੰਦੀਆਂ ਤੇ ਭਾਈ ਚਮਨਜੀਤ ਸਿੰਘ ਜੀ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਗੁਰੂ ਕੀ ਬਾਣੀ ਦੇ ਇਲਾਹੀ ਕੀਰਤਨ ਨਾਲ ਸੰਗਤਾਂ ਨੁੰ ਪ੍ਰੇਰਿਆ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ ਪੀ, ਸੁਖਬੀਰ ਸਿੰਘ ਕਾਲੜਾ, ਗੁਰਦੇਵ ਸਿੰਘ, ਬਲਬੀਰ ਸਿੰਘ, ਸਰਵਜੀਤ ਸਿੰਘ ਵਿਰਕ, ਸੁਖਬੀਰ ਸਿੰਘ ਕਾਲੜਾ, ਹਰਜੀਤ ਸਿੰਘ ਪੱਪਾ ਤੇ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।