ਲੁਧਿਆਣਾ, 9 ਮਈ 2022 – ਅੱਜ ਬੀਜੇਪੀ ਵੱਲੋਂ ਲੁਧਿਆਣਾ ‘ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਹੁਣ ਬੀਜੇਪੀ ਦਾ ਅਕਾਲੀ ਦਲ ਨਾਲ ਗਠਜੋੜ ਨਹੀਂ ਹੋਵੇਗਾ। ਭਾਜਪਾ ਪ੍ਰਧਾਨ ਅਸ਼ਵਨ ਸ਼ਰਮਾ ਨੇ ਕਿਹਾ ਕਿ, ਅਸੀਂ ਅਕਾਲੀ ਦਲ ਦਾ ਸਾਥ ਨਹੀਂ ਸੀ ਛੱਡਿਆ, ਬਲਕਿ ਅਕਾਲੀ ਦਲ ਨੇ ਸਾਡਾ ਸਾਥ ਛੱਡਿਆ ਹੈ, ਇਸ ਲਈ ਦੁਬਾਰਾ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਸ ਤੋਂ ਬਿਨਾ ਉਹਨਾਂ ਨੇ ਅੱਗੇ ਦੱਸਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ 14 ਮਈ ਨੂੰ ਲੁਧਿਆਣਾ ਆਉਣਗੇ। ਉਹ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਸ਼ਰਮਾ ਨੇ ਕਿਹਾ ਕਿ ਇਸੇ ਦਿਨ ਡਵੀਜ਼ਨ ਪੱਧਰ ਤੋਂ ਉਪਰਲੇ ਵਰਕਰਾਂ ਦੀ ਕਾਨਫਰੰਸ ਕੀਤੀ ਜਾਵੇਗੀ। ਜੇਪੀ ਨੱਡਾ ਦੀ ਫੇਰੀ ਨਾਲ ਪੰਜਾਬ ‘ਚ ਭਾਜਪਾ ਮਜ਼ਬੂਤ ਹੋਵੇਗੀ, ਵਰਕਰਾਂ ਦਾ ਮਨੋਬਲ ਵਧੇਗਾ।