ਚੰਡੀਗੜ੍ਹ, 11 ਮਈ 2022 – ਭਗਵੰਤ ਮਾਨ ਸਰਕਾਰ ਲਈ ਪੰਜਾਬ ‘ਚ ਕਾਨੂੰਨ ਵਿਵਸਥਾ ਸਿਰਦਰਦੀ ਬਣ ਗਈ ਹੈ , ਸਰਕਾਰ ਬਣੇ ਨੂੰ ਅਜੇ 55 ਦਿਨ ਹੀ ਹੋਏ ਹਨ ਜਦੋਂ ਕੇ ਪੰਜਾਬ ‘ਚ ਹਰ-ਰੋਜ਼ ਇੱਕ ਤੋਂ ਬਾਅਦ ਇੱਕ ਵੱਡੀ ਘਟਨਾ ਵਾਪਰ ਰਹੀ ਹੈ। ਜਿਸ ਕਾਰਨ ਲੰਬੇ ਸਮੇਂ ਬਾਅਦ ਪਹਿਲੀ ਵਾਰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਤਜਿੰਦਰਪਾਲ ਸਿੰਘ ਬੱਗਾ ਵਰਗੇ ਆਗੂਆਂ ਤੋਂ ਬਦਲਾ ਲੈਣ ਦੀ ਬਜਾਏ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣ।
ਸੋਮਵਾਰ ਰਾਤ ਨੂੰ ਪੁਲਿਸ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ ‘ਤੇ ਹਮਲਾ ਹੋਇਆ ਹੈ। ਇਸ ਤੋਂ ਦੋ ਦਿਨ ਪਹਿਲਾਂ ਤਰਨਤਾਰਨ ਵਿੱਚ ਦੋ ਖਾਲਿਸਤਾਨੀ ਅੱਤਵਾਦੀ IED ਸਮੇਤ ਫੜੇ ਗਏ ਸਨ। ਤਰਨਤਾਰਨ ਪੁਲਿਸ ਨੇ ਪਿੰਡ ਨੌਸ਼ਹਿਰਾ ਪੰਨੂੰਆਂ ਤੋਂ ਕਰੀਬ 2.5 ਕਿਲੋ ਆਰਡੀਐਕਸ ਬਰਾਮਦ ਕਰਕੇ ਪੰਜਾਬ ਨੂੰ ਹਿਲਾ ਦੇਣ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ। ਆਰਡੀਐਕਸ ਨੂੰ ਇੱਕ ਖੰਡਰ ਇਮਾਰਤ ਵਿੱਚ ਇੱਕ ਵਿਸਫੋਟਕ ਯੰਤਰ ਨਾਲ ਲੁਕਾਇਆ ਗਿਆ ਸੀ। ਆਈਈਡੀ ਨਾਲ ਟਾਈਮਰ, ਡੈਟੋਨੇਟਰ, ਬੈਟਰੀ ਅਤੇ ਸ਼ਾਰਪਨੈਲ ਵੀ ਮਿਲੇ ਹਨ। ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।
ਇਸ ਤੋਂ ਪਹਿਲਾਂ ਫਾਜ਼ਿਲਕਾ ਪੁਲਸ ਵੱਲੋਂ 300 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਹਰਿਆਣਾ ਦੀ ਕਰਨਾਲ ਪੁਲਸ ਨੇ ਮਧੂਬਨ ਥਾਣਾ ਖੇਤਰ ਤੋਂ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ‘ਚ ਪਰਮਿੰਦਰ, ਅਮਨਦੀਪ ਅਤੇ ਗੁਰਪ੍ਰੀਤ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਮੱਕੂ ਦੇ ਰਹਿਣ ਵਾਲੇ ਹਨ, ਜਦਕਿ ਚੌਥਾ ਅੱਤਵਾਦੀ ਭੁਪਿੰਦਰ ਲੁਧਿਆਣਾ ਦਾ ਰਹਿਣ ਵਾਲਾ ਹੈ।
ਇਹ ਇਸ ਲਈ ਵੀ ਗੰਭੀਰ ਹੈ ਕਿਉਂਕਿ ਪਹਿਲੀ ਵਾਰ ਪੁਲਿਸ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ ‘ਤੇ ਹਮਲਾ ਹੋਇਆ ਹੈ। ਇਨ੍ਹਾਂ ਸਾਰੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਵਿਰੋਧੀ ਪਾਰਟੀਆਂ ਚਾਹੇ ਉਹ ਕਾਂਗਰਸ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ, ਸਭ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਸਾਧਿਆ ਹੈ।
ਉੱਥੇ ਹੀ ਪੰਜਾਬ ‘ਚ ਗੈਂਗਸਟਰ ਵੀ ਸਰਗਰਮ ਹੋ ਚੁੱਕੇ ਹਨ ਮਾਨ ਸਰਕਾਰ ਬਣਨ ਸਾਰ ਹੀ ਪਹਿਲਾਂ ਗੈਂਗਸਟਰਾਂ ਨੇ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਦਾ ਸ਼ਰੇਆਮ ਕਤਲ ਕੀਤਾ, ਫਿਰ ਮੋਗਾ ‘ਚ ਵੀ ਗੈਂਗਸਟਰਾਂ ਵੱਲੋਂ ਅਜਿਹੀ ਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਅਜੇ ਕੁੱਝ ਦਿਨ ਪਹਿਲਾਂ ਹੀ ਪਟਿਆਲਾ ‘ਚ ਵੀ ਹਿੰਦੂ ਅਤੇ ਸਿੱਖ ਜਥੇਬੰਦੀਆਂ ‘ਚ ਟਕਰਾ ਹੋਇਆ ਅਤੇ ਪੁਲਿਸ ਇਸ ਮੌਕੇ ਦੀ ਸਥਿਤੀ ਨੂੰ ਸੰਭਾਲ ਨਾ ਸਕੀ ਅਤੇ ਇੱਕ ਵਾਰ ਹਾਲਾਤ ਖਰਾਬ ਹੋ ਗਏ ਸਨ।