ਮੋਹਾਲੀ, 11 ਮਈ 2022 = ਮੋਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਹਮਲੇ ਦੀ ਪਹਿਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਵੀਡੀਓ ਰਹੀ ਪਤਾ ਲੱਗਿਆ ਹੈ ਕੇ ਹਮਲਾਵਰਾਂ ਨੇ ਕਾਰ ਤੋਂ ਹੀ ਰਾਕੇਟ ਨੂੰ ਦਾਗਿਆ। ਜਦੋਂ ਧਮਾਕਾ ਹੋਇਆ ਤਾਂ ਕਾਰ ਵੀ ਉੱਥੋਂ ਲੰਘਦੀ ਦਿਖਾਈ ਦਿੱਤੀ। ਫੁਟੇਜ ‘ਚ ਹਮਲਾਵਰਾਂ ਦੀ ਸਵਿਫਟ ਕਾਰ ਵੀ ਦੇਖੀ ਗਈ ਹੈ। ਉਥੇ ਹੀ ਸ਼ੱਕੀ ਹਮਲਾਵਰਾਂ ਨੂੰ ਵੀ ਦੇਖਿਆ ਗਿਆ ਹੈ।
ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੇ ਮਾਮਲੇ ‘ਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਪਹਿਲਾ ਨਾਂ ਨਿਸ਼ਾਨ ਸਿੰਘ ਦਾ ਹੈ, ਜੋ ਤਰਨਤਾਰਨ ਦੇ ਭਿੱਖੀਵਿੰਡ ਦੇ ਪਿੰਡ ਕੁੱਲਾ ਦਾ ਰਹਿਣ ਵਾਲਾ ਹੈ। ਉਸ ਖ਼ਿਲਾਫ਼ ਕਈ ਕੇਸ ਦਰਜ ਹਨ। ਉਹ ਕਰੀਬ ਡੇਢ ਮਹੀਨਾ ਪਹਿਲਾਂ ਜ਼ਮਾਨਤ ‘ਤੇ ਬਾਹਰ ਆਇਆ ਸੀ। ਉਸ ਦਾ ਪਿੰਡ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੈ। ਮੋਹਾਲੀ ਅਤੇ ਫਰੀਦਕੋਟ ਦੀ ਪੁਲਸ ਨੇ ਸਾਂਝੀ ਕਾਰਵਾਈ ਕਰਦੇ ਹੋਏ ਉਸ ਨੂੰ ਫਰੀਦਕੋਟ ਤੋਂ ਗ੍ਰਿਫਤਾਰ ਕਰ ਲਿਆ।
ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਨਿਸ਼ਾਨ ਦੇ ਜੀਜਾ ਸੋਨੂੰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮੁਹਾਲੀ ਪੁਲੀਸ ਨੇ ਤਰਨਤਾਰਨ ਦੇ ਪਿੰਡ ਮਹਿੰਦੀਪੁਰ ਦੇ ਰਹਿਣ ਵਾਲੇ ਜਗਰੂਪ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਕਤਲ ਦਾ ਕੇਸ ਦਰਜ ਹੈ। ਉਹ ਪੈਰੋਲ ‘ਤੇ ਬਾਹਰ ਆਇਆ ਹੈ। ਮਹਿੰਦੀਪੁਰ ਪਿੰਡ ਵੀ ਭਾਰਤ-ਪਾਕਿ ਸਰਹੱਦ ਦੇ ਨੇੜੇ ਸਥਿਤ ਹੈ।
ਹੁਣ ਇਸ ਸਾਜ਼ਿਸ਼ ਦਾ ਪਾਕਿਸਤਾਨੀ ਕੁਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ। ਇਸ ਹਮਲੇ ਪਿੱਛੇ ਪਾਕਿਸਤਾਨ ਵਿੱਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਉਰਫ਼ ਰਿੰਦਾ ਦਾ ਹੱਥ ਮੰਨਿਆ ਜਾ ਰਿਹਾ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਿੰਦਾ ਨੇ ਇਹ ਰਾਕੇਟ ਲਾਂਚਰ ਡਰੋਨ ਰਾਹੀਂ ਪੰਜਾਬ ਭੇਜਿਆ ਸੀ। ਪੁਲਿਸ ਹੁਣ ਨਿਸ਼ਾਨ ਸਿੰਘ ਅਤੇ ਜਗਰੂਪ ਸਿੰਘ ਤੋਂ ਪਾਕਿਸਤਾਨ ਬੈਠੇ ਰਿੰਦਾ ਦੇ ਸੰਪਰਕ ਬਾਰੇ ਪੁੱਛਗਿੱਛ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਹਾਲ ਹੀ ‘ਚ ਐਂਟੀ ਗੈਂਗਸਟਰ ਟਾਸਕ ਫੋਰਸ ਬਣਾ ਕੇ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ।
ਹਮਲੇ ਵਿੱਚ ਰੂਸੀ ਰਾਕੇਟ ਲਾਂਚਰ ਦੀ ਵਰਤੋਂ ਕੀਤੀ ਗਈ ਸੀ। ਪੁਲਸ ਨੇ ਮੰਗਲਵਾਰ ਦੇਰ ਰਾਤ ਇਸ ਦੀ ਬਰਾਮਦਗੀ ਤੋਂ ਬਾਅਦ ਇਹ ਦਾਅਵਾ ਕੀਤਾ। ਰੱਖਿਆ ਮਾਹਿਰਾਂ ਮੁਤਾਬਕ ਅਮਰੀਕਾ ਨੇ ਇਹ ਹਥਿਆਰ ਅਫਗਾਨਿਸਤਾਨ ਨੂੰ ਸਿਖਲਾਈ ਲਈ ਦਿੱਤੇ ਸਨ। ਉਥੇ ਤਾਲਿਬਾਨ ਨੇ ਕਬਜ਼ਾ ਕਰ ਲਿਆ। ਜਿਸ ਤੋਂ ਬਾਅਦ ਇਹ ਹਥਿਆਰ ਪਾਕਿਸਤਾਨ ਨੂੰ ਵੇਚੇ ਗਏ।