ਕਪੂਰਥਲਾ, 11 ਮਈ 2022 – ਪੰਜਾਬ ‘ਚ ਦਸੰਬਰ 2021 ‘ਚ ਕਪੂਰਥਲਾ ਦੇ ਨਿਜ਼ਾਮਪੁਰ ਗੁਰਦੁਆਰਾ ਸਾਹਿਬ ‘ਚ ਮਾਨਸਿਕ ਤੌਰ ‘ਤੇ ਅਪਾਹਜ ਨੌਜਵਾਨ ਦੀ ਮੌਬ ਲਿੰਚਿੰਗ ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ ਨੇ ਹੁਣ ਪਟਿਆਲਾ ਹਿੰਸਾ ਦੇ ਮਾਸਟਰਮਾਈਂਡ ਬਲਜਿੰਦਰ ਪਰਵਾਨਾ ਦਾ ਨਾਮ ਆਪਣੀ FIR ‘ਚ ਸ਼ਾਮਲ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਪਰਵਾਨਾ ਨੂੰ ਰੋਪੜ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਰਾਜ ਬਚਨ ਸਿੰਘ ਸੰਧੂ ਦਾ ਕਹਿਣਾ ਹੈ ਕਿ ਬਲਜਿੰਦਰ ਪਰਵਾਨਾ ਤੋਂ ਪੁੱਛਗਿੱਛ ਵਿੱਚ ਨਵੇਂ ਖੁਲਾਸੇ ਹੋ ਸਕਦੇ ਹਨ।
ਦੱਸ ਦਈਏ ਕਿ 19 ਦਸੰਬਰ 2021 ਨੂੰ ਕਪੂਰਥਲਾ ਦੇ ਨਿਜ਼ਾਮਪੁਰ ਗੁਰਦੁਆਰਾ ਸਾਹਿਬ ‘ਚ ਲੋਕਾਂ ਦੀ ਭੀੜ ਨੇ ਬੇਅਦਬੀ ਦਾ ਦੋਸ਼ ਲਗਾਉਂਦੇ ਹੋਏ ਮਾਨਸਿਕ ਤੌਰ ‘ਤੇ ਅਪੰਗ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਖਲ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸਮੇਤ 100 ਤੋਂ ਵੱਧ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਅਧਿਕਾਰੀਆਂ ਨੇ ਵਾਇਰਲ ਹੋਈ ਵੀਡੀਓ ਦੇ ਆਧਾਰ ‘ਤੇ ਦੋਸ਼ੀ ਦੀ ਪਛਾਣ ਦਾ ਦਾਅਵਾ ਵੀ ਕੀਤਾ ਸੀ।
ਕਪੂਰਥਲਾ ਦੀ ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਦੇ ਆਧਾਰ ‘ਤੇ ਕਪੂਰਥਲਾ ਪੁਲਸ ਨੇ ਹੁਣ ਇਸ ਮਾਮਲੇ ‘ਚ ਬਲਜਿੰਦਰ ਪਰਵਾਨਾ ਨੂੰ ਨਾਮਜ਼ਦ ਕੀਤਾ ਹੈ। ਪੁਲਸ ਉਸ ਨੂੰ ਮੰਗਲਵਾਰ ਸ਼ਾਮ ਨੂੰ ਰੋਪੜ ਜੇਲ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਕਪੂਰਥਲਾ ਲੈ ਕੇ ਆਈ। ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਪਰਵਾਨਾ ਤੋਂ ਪੁੱਛਗਿੱਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਕਪੂਰਥਲਾ ‘ਚ ਬੇਅਦਬੀ ਦੇ ਝੂਠੇ ਇਲਜ਼ਾਮ ‘ਚ ਇਕ ਨੌਜਵਾਨ ਦਾ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੋਸਟਮਾਰਟਮ ਤੋਂ ਬਾਅਦ ਡਾਕਟਰਾਂ ਨੂੰ ਨੌਜਵਾਨ ਦੇ ਸਰੀਰ ‘ਤੇ 30 ਕੱਟ ਦੇ ਨਿਸ਼ਾਨ ਮਿਲੇ, ਜਿਸ ਨੂੰ ਤਲਵਾਰ ਨਾਲ ਮਾਰਿਆ ਗਿਆ ਸੀ। ਡਾਕਟਰਾਂ ਦੇ 5 ਮੈਂਬਰੀ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਇਸ ‘ਚ ਨੌਜਵਾਨ ਦੀ ਗਰਦਨ, ਸਿਰ, ਛਾਤੀ ਅਤੇ ਸੱਜੀ ਪੱਟ ‘ਤੇ ਡੂੰਘੇ ਜ਼ਖਮ ਮਿਲੇ ਹਨ। ਘਟਨਾ ਤੋਂ ਬਾਅਦ ਕੋਈ ਵੀ ਨੌਜਵਾਨ ਦੀ ਲਾਸ਼ ਲੈਣ ਨਹੀਂ ਆਇਆ, ਜਿਸ ਤੋਂ ਬਾਅਦ ਪੁਲਸ ਨੇ ਉਸ ਦਾ ਸਸਕਾਰ ਕਰ ਦਿੱਤਾ।