ਰਾਂਚੀ (ਝਾਰਖੰਡ), 12 ਮਈ – ਈਡੀ ਦੇ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਥਿਤ ਤੌਰ ਤੇ ਸ਼ਾਮਲ ਝਾਰਖੰਡ ਦੀ ਮਹਿਲਾ IAS ਅਫ਼ਸਰ ਪੂਜਾ ਸਿੰਘਲ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ, ਮਹਿਲਾ IAS ਤੇ ਦੋਸ਼ ਹੈ ਕਿ, ਉਹਨੇ ਵੱਡੇ ਪੱਧਰ ਤੇ ਮਨਰੇਗਾ ਘੁਟਾਲਾ ਕੀਤਾ ਹੈ, ਜਿਸ ਦੇ ਸਬੰਧ ਵਿਚ 2 ਦਿਨਾਂ ਦੀ ਪੁੱਛਗਿੱਛ ਤੋਂ ਬਾਅਦ ਈਡੀ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਸਿੰਘਲ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਰਾਂਚੀ ਦੀ ਇੱਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਬੁੱਧਵਾਰ ਨੂੰ 2000 ਬੈਚ ਦੀ ਆਈਏਐਸ ਅਤੇ ਝਾਰਖੰਡ ਦੀ ਮਾਈਨਿੰਗ ਸਕੱਤਰ ਪੂਜਾ ਸਿੰਘਲ ਨੂੰ ਪੈਸਿਆਂ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਪੰਜ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ।
ਸਿੰਘਲ ਨੂੰ ਈਡੀ ਨੇ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅੱਜ ਵੀਰਵਾਰ ਤੋਂ ਉਸ ਦਾ ਰਿਮਾਂਡ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਿੰਘਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵੀ ਉਸ ਤੋਂ ਕਰੀਬ 9 ਘੰਟੇ ਪੁੱਛਗਿੱਛ ਕੀਤੀ ਗਈ ਸੀ।
ਸਿੰਘਲ ਦੀ ਗ੍ਰਿਫਤਾਰੀ ਤੋਂ ਬਾਅਦ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਕਿਹਾ, “ਇਸ ਮੁੱਦੇ ‘ਤੇ ਰਾਜ ਸਰਕਾਰ ਦੁਆਰਾ ਹਰ ਸੰਭਵ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।”
ਇਸ ਮਾਮਲੇ ਵਿੱਚ ਇਹ ਦੂਜੀ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਚਾਰਟਰਡ ਅਕਾਊਂਟੈਂਟ ਸੁਮਨ ਕੁਮਾਰ ਨੂੰ ਈਡੀ ਨੇ 7 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਈਡੀ ਨੇ ਕੁਮਾਰ ਦੇ ਅਹਾਤੇ ਤੋਂ 17.51 ਕਰੋੜ ਰੁਪਏ ਅਤੇ ਪਲਸ ਹਸਪਤਾਲ ਤੋਂ 1.8 ਕਰੋੜ ਰੁਪਏ ਬਰਾਮਦ ਕੀਤੇ ਸਨ। ਆਈਏਐਸ ਦੇ ਸੀਏ ਸੁਮਨ ਕੁਮਾਰ ਨਾਲ ਸਬੰਧ ਦੇ ਭਰੋਸੇਯੋਗ ਸਬੂਤ ਮਿਲਣ ਤੋਂ ਬਾਅਦ ਹੀ ਈਡੀ ਨੇ ਗ੍ਰਿਫਤਾਰ ਕੀਤਾ ਹੈ।