ਪਟਿਆਲਾ, 12 ਮਈ 2022 – ਪੰਜਾਬ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਪਾਵਰਕਾਮ ਸਾਹਮਣੇ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੀ ਚੁਣੌਤੀ ਬਰਕਰਾਰ ਹੈ। ਕੋਲੇ ਦਾ ਸੰਕਟ ਜਾਰੀ ਹੈ। ਸਿੱਟੇ ਵਜੋਂ ਹਰ ਰੋਜ਼ ਬਹੁਤ ਸਾਰੀ ਬਿਜਲੀ ਬਾਹਰੋਂ ਖਰੀਦਣੀ ਪੈਂਦੀ ਹੈ। ਬੁੱਧਵਾਰ ਨੂੰ ਪਾਵਰਕਾਮ ਨੇ 9784 ਮੈਗਾਵਾਟ ਬਿਜਲੀ ਦੀ ਸਪਲਾਈ ਕੀਤੀ, ਜਦਕਿ ਸੂਬੇ ‘ਚ ਬਿਜਲੀ ਦੀ ਮੰਗ 10,392 ਮੈਗਾਵਾਟ ਰਹੀ। ਮੰਗ ਜ਼ਿਆਦਾ ਹੋਣ ਕਾਰਨ ਪਾਵਰਕੌਮ ਨੇ ਦੂਜੇ ਰਾਜਾਂ ਤੋਂ 5.96 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਰੀਬ 25 ਕਰੋੜ ਰੁਪਏ ਵਿੱਚ ਬਿਜਲੀ ਖਰੀਦੀ ਹੈ।
ਦੂਜੇ ਪਾਸੇ ਪੰਜਾਬ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਪੰਜ ‘ਚੋਂ ਚਾਰ ਥਰਮਲ ਪਲਾਂਟਾਂ ਵਿੱਚ ਕੋਲੇ ਦੇ ਸਟਾਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਮਾੜੀ ਹਾਲਤ ਰੋਪੜ ਅਤੇ ਲਹਿਰਾ ਮੁਹੱਬਤ ਦੇ ਪਲਾਂਟਾਂ ਦੀ ਹੈ। ਰੋਪੜ ਵਿੱਚ ਜਿੱਥੇ 4 ਦਿਨਾਂ ਦਾ ਕੋਲਾ ਬਚਿਆ ਹੈ। ਇਸ ਦੇ ਨਾਲ ਹੀ ਲਹਿਰਾ ਵਿੱਚ ਸਿਰਫ਼ 3 ਦਿਨਾਂ ਦਾ ਕੋਲਾ ਮੌਜੂਦ ਹੈ। ਦੂਜੇ ਪਾਸੇ ਗੋਇੰਦਵਾਲ ਸਾਹਿਬ ਵਿੱਚ ਸਿਰਫ਼ 4 ਦਿਨ, ਤਲਵੰਡੀ ਸਾਬੋ ਵਿੱਚ 6.8 ਦਿਨ ਦਾ ਕੋਲਾ ਬਚਿਆ ਹੈ। ਇਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।