ਵਾਰਾਣਸੀ, 12 ਮਈ 2022 – ਵਾਰਾਣਸੀ ਦੀ ਗਿਆਨਵਾਪੀ ਮਸਜਿਦ ਨੂੰ ਲੈ ਕੇ ਕੋਰਟ ਨੇ ਵੱਡਾ ਫੈਸਲਾ ਦਿੱਤਾ ਹੈ। ਅਦਾਲਤ ਨੇ ਗਿਆਨਵਾਪੀ ਮਸਜਿਦ ਦੇ ਸਰਵੇਖਣ ਲਈ ਨਿਯੁਕਤ ਕੀਤੇ ਐਡਵੋਕੇਟ ਕਮਿਸ਼ਨਰ ਅਜੈ ਕੁਮਾਰ ਮਿਸ਼ਰਾ ਨੂੰ ਹਟਾਉਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਐਡਵੋਕੇਟ ਕਮਿਸ਼ਨਰ ਸਮੇਤ ਦੋ ਹੋਰ ਵਕੀਲਾਂ ਨੂੰ ਸਰਵੇ ਕਮੇਟੀ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਗਿਆਨਵਾਪੀ ਮਸਜਿਦ ਦਾ ਸਰਵੇਖਣ 17 ਮਈ ਤੋਂ ਪਹਿਲਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਰਵੇਖਣ ਦੀ ਅਗਲੀ ਰਿਪੋਰਟ 17 ਮਈ ਨੂੰ ਪੇਸ਼ ਕਰਨ ਲਈ ਕਿਹਾ ਹੈ।
ਦਰਅਸਲ, ਅੰਜੁਮਨ ਵਿਵਸਥਾ ਮਸਜਿਦ ਕਮੇਟੀ ਦੀ ਤਰਫੋਂ ਇੱਕ ਪਟੀਸ਼ਨ ਦਾਇਰ ਕਰਕੇ ਐਡਵੋਕੇਟ ਕਮਿਸ਼ਨਰ ਅਜੈ ਕੁਮਾਰ ਮਿਸ਼ਰਾ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ। ਇਸ ‘ਤੇ 3 ਦਿਨਾਂ ਦੀ ਬਹਿਸ ਤੋਂ ਬਾਅਦ ਵਾਰਾਣਸੀ ਦੇ ਸਿਵਲ ਜੱਜ ਸੀਨੀਅਰ ਡਿਵੀਜ਼ਨ ਰਵੀ ਕੁਮਾਰ ਦਿਵਾਕਰ ਨੇ 11 ਮਈ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਇਸ ਤੋਂ ਪਹਿਲਾਂ 5 ਔਰਤਾਂ ਨੇ ਸ਼ਿੰਗਾਰ ਗੌਰੀ ਦੀ ਰੋਜ਼ਾਨਾ ਪੂਜਾ ਕਰਨ ਦੇ ਅਧਿਕਾਰ ਦੀ ਮੰਗ ਕਰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਇਸ ਮਾਮਲੇ ‘ਚ ਸੁਣਵਾਈ ਤੋਂ ਬਾਅਦ ਗਿਆਨਵਾਪੀ ਦੇ ਸਰਵੇਖਣ ਦਾ ਹੁਕਮ ਦਿੱਤਾ ਸੀ। ਇਸ ਦੇ ਨਾਲ ਹੀ ਐਡਵੋਕੇਟ ਕਮਿਸ਼ਨਰ ਨਿਯੁਕਤ ਕੀਤਾ ਗਿਆ। ਪਰ ਸਰਵੇ ਦੌਰਾਨ ਗਿਆਨਵਾਪੀ ਮਸਜਿਦ ਵਿੱਚ ਹੰਗਾਮਾ ਹੋ ਗਿਆ। ਉਸ ਤੋਂ ਬਾਅਦ ਸਰਵੇਖਣ ਨਹੀਂ ਹੋ ਸਕਿਆ।