ਫਰੀਦਕੋਟ, 13 ਮਈ 2022 – ਰਾਤ ਦੇ ਹਨੇਰੇ ‘ਚ ਸਮਾਜ ਵਿਰੋਧੀ ਅਨਸਰਾਂ ਨੇ ਸ਼ਹਿਰ ਦੇ ਬਾਜ਼ੀਗਰ ਟਾਊਨਸ਼ਿਪ ‘ਚ ਸਥਿਤ ਨਗਰ ਕੌਂਸਲ ਦੀ ਪਾਰਕ ਦੀ ਕੰਧ ‘ਤੇ ਕਾਲੇ ਪੇਂਟ ਨਾਲ ‘ਖ਼ਾਲਿਸਤਾਨ’ ਲਿਖ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ | ਇਸ ਦੀ ਸੂਚਨਾ ਮਿਲਦੇ ਹੀ ਪੁਲਸ-ਪ੍ਰਸ਼ਾਸਨ ਨੇ ਉਸ ਨੂੰ ਤੁਰੰਤ ਮਿਟਾਇਆ। ਥਾਣਾ ਸਿਟੀ ਦੀ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਠਾਨਕੋਟ ਵਿੱਚ ਖਾਲਿਸਤਾਨੀ ਨਾਅਰੇ ਲਿਖਣ ਦੀ ਘਟਨਾ ਸਾਹਮਣੇ ਆ ਚੁੱਕੀ ਹੈ।
ਬਾਜ਼ੀਗਰ ਬਸਤੀ ਸ਼ਹਿਰ ਦੀਆਂ ਦਲਿਤ ਬਸਤੀਆਂ ਵਿੱਚੋਂ ਇੱਕ ਹੈ। ਅਜਿਹੇ ‘ਚ ਸੁਰੱਖਿਆ ਏਜੰਸੀਆਂ ਦੇ ਸਾਹਮਣੇ ਵੱਡਾ ਸਵਾਲ ਇਹ ਹੈ ਕਿ ਇਸ ਹਿੱਸੇ ‘ਚ ਖਾਲਿਸਤਾਨ ਲਿਖਣਾ ਸ਼ਰਾਰਤ ਹੈ ਜਾਂ ਸਾਜ਼ਿਸ਼। ਪਿਛਲੇ ਕੁਝ ਸਮੇਂ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਅਜਿਹੇ ਭੜਕਾਊ ਨਾਅਰੇ ਲਿਖਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇੰਨਾ ਹੀ ਨਹੀਂ ਖਾਲਿਸਤਾਨ ਨਾਲ ਜੁੜੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਂ ਵੀ ਕੁਝ ਅਪਰਾਧਿਕ ਗਤੀਵਿਧੀਆਂ ‘ਚ ਸਾਹਮਣੇ ਆ ਰਿਹਾ ਹੈ।
ਪਿਛਲੇ ਹਫਤੇ ਮੋਹਾਲੀ ‘ਚ ਹੋਏ ਗ੍ਰਨੇਡ ਹਮਲੇ ਦੇ ਦੋਸ਼ੀ ਨਿਸ਼ਾਨ ਸਿੰਘ ਨੂੰ ਵੀ ਫਰੀਦਕੋਟ ਸੀਆਈਏ ਸਟਾਫ ਨੇ ਅੰਮ੍ਰਿਤਸਰ ਤੋਂ ਫੜਿਆ ਸੀ। ਇਸ ਤੋਂ ਪਹਿਲਾਂ ਕਰਨਾਲ ਪੁਲਿਸ ਵੱਲੋਂ ਬੱਬਰ ਖ਼ਾਲਸਾ ਦੇ ਜਿਨ੍ਹਾਂ ਚਾਰ ਅੱਤਵਾਦੀਆਂ ਨੂੰ ਫੜਿਆ ਗਿਆ ਸੀ, ਉਨ੍ਹਾਂ ਵਿੱਚੋਂ ਤਿੰਨ ਦੇ ਫ਼ਰੀਦਕੋਟ ਨਾਲ ਸਿੱਧੇ ਜਾਂ ਅਸਿੱਧੇ ਸਬੰਧ ਹਨ। ਅਜਿਹੇ ‘ਚ ਫਰੀਦਕੋਟ ਪਹਿਲਾਂ ਹੀ ਸੁਰੱਖਿਆ ਏਜੰਸੀਆਂ ਦੇ ਰਡਾਰ ‘ਤੇ ਹੈ। ਹੁਣ ਸਿਟੀ ਪਾਰਕ ਦੀ ਕੰਧ ‘ਤੇ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ ਹਨ।
ਐਸਐਸਪੀ ਓਲੰਪੀਅਨ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ। ਪੁਲਿਸ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਅਸੀਂ ਇਸ ਮਾਮਲੇ ਵਿੱਚ ਕੋਈ ਢਿੱਲ ਨਹੀਂ ਵਰਤ ਰਹੇ। ਉਨ੍ਹਾਂ ਦੱਸਿਆ ਕਿ ਅਸੀਂ ਉਸ ਹਿੱਸੇ ਦੀ ਸੀਸੀਟੀਵੀ ਫੁਟੇਜ, ਮੋਬਾਈਲ ਲੋਕੇਸ਼ਨ, ਵਰਤੇ ਗਏ ਪੇਂਟ ਆਦਿ ਦੇ ਆਧਾਰ ‘ਤੇ ਜਾਂਚ ਨੂੰ ਅੱਗੇ ਵਧਾ ਰਹੇ ਹਾਂ। ਉਨ੍ਹਾਂ ਦੱਸਿਆ ਕਿ ਜੇਕਰ ਇਹ ਕਿਸੇ ਦੀ ਸਾਜ਼ਿਸ਼ ਜਾਂ ਸ਼ਰਾਰਤ ਹੈ ਤਾਂ ਅਸੀਂ ਇਸ ਦਾ ਖੁਲਾਸਾ ਕਰਾਂਗੇ। ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।