ਬਠਿੰਡਾ, 14 ਮਈ 2022 – ਪੰਜਾਬ ਵਿੱਚ ਗਰਮੀ ਕਾਰਨ ਜਿੱਥੇ ਬਿਜਲੀ ਦੀ ਮੰਗ ਵੱਧ ਰਹੀ ਹੈ, ਉੱਥੇ ਹੀ ਹੁਣ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਬਠਿੰਡਾ ਦੇ ਪਿੰਡ ਲਹਿਰਾ ਮੁਹੱਬਤ ਵਿੱਚ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਯੂਨਿਟ ਨੰਬਰ 2 ਦਾ ਈ.ਐਸ.ਪੀ. ਢਹਿਣ ਕਾਰਨ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ। ਇੱਥੇ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਸ਼ੁੱਕਰਵਾਰ ਦੇਰ ਰਾਤ ਥਰਮਲ ਪਲਾਂਟ ਵਿੱਚ ਜ਼ਬਰਦਸਤ ਧਮਾਕਾ ਹੋਇਆ ਅਤੇ ਸੁਆਹ ਨਾਲ ਭਰੇ ਈਐਸਪੀ ਦੇ ਖੰਭੇ ਹੇਠਾਂ ਡਿੱਗ ਗਏ। ਜਦੋਂਕਿ ਅੱਗ ਦੀ ਗਰਮੀ ਕਾਰਨ 2 ਮੁਲਾਜ਼ਮਾਂ ਦੇ ਪੈਰ ਵੀ ਸੜ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਈਐਸਪੀ ਪੂਰੀ ਤਰ੍ਹਾਂ ਨਾਲ ਭਰ ਗਈ ਸੀ, ਜਿਸ ਦੀ ਕਲੀਅਰੈਂਸ ਵੀ ਰੁਕ ਗਈ ਸੀ। ਥਰਮਲ ਪਲਾਂਟ ਦੇ ਸੂਤਰਾਂ ਅਨੁਸਾਰ ਯੂਨਿਟ ਨੰਬਰ 2 ਦਾ ਈਐਸਪੀ ਡਿੱਗ ਗਿਆ, ਜਿਸ ਨਾਲ ਵੱਡਾ ਧਮਾਕਾ ਹੋ ਗਿਆ। ਇਸ ਤੋਂ ਬਾਅਦ ਥਰਮਲ ਪਲਾਂਟ ਦੇ ਸਮੂਹ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਈਐਸਪੀ ਡਿੱਗਣ ਕਾਰਨ ਕਿਹਾ ਜਾ ਰਿਹਾ ਹੈ ਕਿ ਯੂਨਿਟ ਨੰਬਰ ਇੱਕ ਦੋ ਮਹੀਨਿਆਂ ਤੱਕ ਦੁਬਾਰਾ ਕੰਮ ਸ਼ੁਰੂ ਨਹੀਂ ਕਰ ਸਕੇਗਾ।
ਜਦੋਂਕਿ ਯੂਨਿਟ ਨੰਬਰ ਦੋ ਇੱਕ ਸਾਲ ਲਈ ਠੱਪ ਰਹੇਗਾ, ਜਿਸ ਕਾਰਨ ਬਿਜਲੀ ਉਤਪਾਦਨ ਸੰਭਵ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਸੂਬਾ ਪਹਿਲਾਂ ਹੀ ਬਿਜਲੀ ਸੰਕਟ ਨਾਲ ਜੂਝ ਰਿਹਾ ਸੀ। ਜੂਨ ਵਿੱਚ ਝੋਨੇ ਦੀ ਬਿਜਾਈ ਦੌਰਾਨ ਬਿਜਲੀ ਦੀ ਮੰਗ ਹੋਰ ਵਧ ਜਾਵੇਗੀ। ਇਸ ਦੇ ਨਾਲ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋਣ ਕਾਰਨ ਬਿਜਲੀ ਦੀ ਪੂਰਤੀ ਕਰਨੀ ਔਖੀ ਹੋ ਜਾਵੇਗੀ।