ਚੰਡੀਗੜ੍ਹ/ਉਦੈਪੁਰ, 15 ਮਈ 2022 – ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਸੁਨੀਲ ਜਾਖੜ ਦੀ ਪਾਰਟੀ ਅਤੇ ਇਸਦੀ ਲੀਡਰਸ਼ਿਪ ਪ੍ਰਤੀ ਗਲਤ ਅਤੇ ਗੈਰ-ਵਾਜਬ ਭੜਾਸ ਦੀ ਨਿਖੇਧੀ ਕੀਤੀ ਹੈ। ਉਦੈਪੁਰ ਤੋਂ ਜਾਰੀ ਇੱਕ ਬਿਆਨ ਵਿੱਚ, ਵੜਿੰਗ ਨੇ ਕਿਹਾ ਕਿ ਇਹ ਬਹੁਤ ਹੀ ਅਫ਼ਸੋਸਨਾਕ, ਗਲਤ ਅਤੇ ਬੇਇਨਸਾਫ਼ੀ ਹੈ ਕਿ ਜਾਖੜ ਸਾਹਿਬ ਲੋਕਾਂ ਵਿੱਚ ਜਾ ਕੇ ਉਸ ਪਾਰਟੀ ਵਿਰੁੱਧ ਅਜਿਹੇ ਭੱਦੇ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ, ਜਿਸਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਾਖੜ ਨੂੰ ਉਦੈਪੁਰ ‘ਚ ਚੱਲ ਰਹੇ 3 ਰੋਜ਼ਾ ਚਿੰਤਨ ਸ਼ਿਵਿਰ ਦੌਰਾਨ ਪਾਰਟੀ ਅਤੇ ਉਸਦੀ ਲੀਡਰਸ਼ਿਪ ਖਿਲਾਫ ਅਜਿਹੇ ਭੱਦੇ ਹਮਲੇ ਕਰਨ ਦੀ ਬਜਾਏ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਸੀ ਕਿ ਉਹ ਇਸ ਹਾਲਤ ਚ ਕਿਉਂ ਪਹੁੰਚੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿੰਨੀ ਵੱਡੀ, ਵਿਸ਼ਾਲ ਅਤੇ ਮਹਾਨ ਹੈ, ਜਿਸਦਾ ਪਤਾ ਜਾਖੜ ਸਹਿਬ ਤੋਂ ਬਿਹਤਰ ਹੋਰ ਕਿਸੇ ਨੂੰ ਨਹੀਂ ਹੋ ਸਕਦਾ, ਜਿਨ੍ਹਾਂ ਨੂੰ ਸੰਸਦੀ ਅਤੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਗੁਰਦਾਸਪੁਰ ਤੋਂ ਜ਼ਿਮਨੀ ਚੋਣ ਅਤੇ ਲੋਕ ਸਭਾ ਚੋਣ ਲਈ ਮੈਦਾਨ ਵਿਚ ਉਤਾਰਿਆ ਗਿਆ ਅਤੇ ਮੈਂਬਰ ਚੁਣਿਆ ਗਿਆ ਤੇ ਸੂਬਾ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ। ਸਿਰਫ਼ ਮੁੱਖ ਮੰਤਰੀ ਨਾ ਬਣਾਏ ਜਾਣ ਕਾਰਨ ਉਨ੍ਹਾਂ ਨੇ ਉਸੇ ਪਾਰਟੀ ਖ਼ਿਲਾਫ਼ ਆਤਮਘਾਤੀ ਹਮਲਾ ਕਰ ਦਿੱਤਾ, ਜਿਸਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ।
ਵੜਿੰਗ ਨੇ ਜਾਖੜ ਨੂੰ ਪੁੱਛਿਆ ਕਿ ਕੀ ਇਹ ਸੱਚ ਨਹੀਂ ਹੈ ਕਿ ਉਨ੍ਹਾਂ ਦੇ ਬਿਆਨਾਂ ਨੇ ਵੋਟਰਾਂ ਦੇ ਇੱਕ ਵੱਡੇ ਹਿੱਸੇ ਵਿੱਚ ਵਿਰੋਧ ਅਤੇ ਬੇਗਾਨਗੀ ਪੈਦਾ ਕੀਤੀ, ਜਿਸ ਨਾਲ ਨਾ ਸਿਰਫ ਪੰਜਾਬ, ਬਲਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਪਾਰਟੀ ਨੂੰ ਭਾਰੀ ਨੁਕਸਾਨ ਹੋਇਆ।
ਵੜਿੰਗ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਪਾਰਟੀ ਨੇ ਕਾਫੀ ਸੰਜਮ ਵਰਤਦੇ ਹੋਏ, ਉਨ੍ਹਾਂ ਦੀ ਸੀਨੀਆਰਤਾ ਦਾ ਸਨਮਾਨ ਕੀਤਾ, ਪਰ ਅਫਸੋਸ ਹੈ ਕਿ ਉਨ੍ਹਾਂ ਨੇ ਇਸਦੀ ਇੱਜਤ ਨਹੀਂ ਕੀਤੀ। ਜਾਖੜ ਜਿੰਨੇ ਮਰਜ਼ੀ ਸੀਨੀਅਰ ਕਿਉਂ ਨਾ ਹੋਣ, ਪਾਰਟੀ ਹਮੇਸ਼ਾ ਉਪਰ ਰਹਿੰਦੀ ਹੈ, ਭਾਵੇਂ ਤੁਹਾਡੀ ਸੀਨੀਅਰਤਾ ਕਿੰਨੀ ਵੀ ਹੋਵੇ ਜਾਂ ਤੁਸੀਂ ਕਿੰਨੇ ਵੀ ਸੀਨੀਅਰ ਮਹਿਸੂਸ ਕਰਦੇ ਹੋ।