ਬਰਨਾਲਾ, 15 ਮਈ 2022 – ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਆਪਣੇ ਫਾਰਮ ਵਿੱਚ ਡਰੈਗਨ ਫਰੂਟ ਦੀ ਖੇਤੀ ਕਰਨਗੇ। ਇਸ ਦੀ ਕਾਸ਼ਤ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਪਿੰਡ ਠੁੱਲੇਵਾਲ ਸਥਿਤ ਔਲਖ ਡਰੈਗਨ ਫਾਰਮ ਦਾ ਦੌਰਾ ਕੀਤਾ। ਔਲਖ ਡਰੈਗਨ ਫਰੂਟ ਫਾਰਮ ਦੇ ਸੰਚਾਲਕ ਸਤਨਾਮ ਸਿੰਘ ਨੇ ਬਾਦਲ ਨੂੰ ਦੱਸਿਆ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਡਰੈਗਨ ਫਰੂਟ ਦੀ ਖੇਤੀ ਕਰ ਰਹੇ ਹਨ। ਇਸ ਨਾਲ ਨਾ ਸਿਰਫ ਪਾਣੀ ਦੀ ਬੱਚਤ ਹੁੰਦੀ ਹੈ ਸਗੋਂ ਫਾਇਦਾ ਵੀ ਹੁੰਦਾ ਹੈ।
ਉਨ੍ਹਾਂ ਬਾਦਲ ਨੂੰ ਦੱਸਿਆ ਕਿ ਇੱਕ ਏਕੜ ਵਿੱਚ 500 ਖੰਭਿਆਂ ‘ਤੇ ਡਰੈਗਨ ਫਰੂਟ ਦੇ 2000 ਪੌਦੇ ਲਗਾਏ ਗਏ ਹਨ। ਕਿਸਾਨਾਂ ਨਾਲ ਕਾਫੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਬਾਦਲ ਨੇ ਕਿਹਾ ਕਿ ਉਹ ਦੋ ਏਕੜ ਵਿੱਚ ਡਰੈਗਨ ਫਰੂਟ ਦੀ ਕਾਸ਼ਤ ਸ਼ੁਰੂ ਕਰਨਗੇ, ਜਿਸ ਤੋਂ ਬਾਅਦ ਰਕਬਾ ਵਧਾਇਆ ਜਾ ਸਕਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪੰਚਾਇਤੀ ਜ਼ਮੀਨਾਂ ਦਾ ਕਬਜ਼ਾ ਛੱਡ ਦਿੱਤਾ ਜਾਵੇ। ਜਦੋਂ ਬਾਦਲ ਨੂੰ ਪੁੱਛਿਆ ਗਿਆ ਕਿ ਅਕਾਲੀ ਦਲ ਦੇ ਰਾਜ ਦੌਰਾਨ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਕਿਉਂ ਨਹੀਂ ਹਟਾਇਆ ਗਿਆ ਤਾਂ ਬਾਦਲ ਨੇ ਕਿਹਾ ਕਿ ਕਾਕਾ ਸਰਕਾਰਾਂ ਤਾਂ ਬਹੁਤ ਕੁਝ ਦੇਖਦੀਆਂ ਹਨ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਇਸਤਰੀ ਅਕਾਲੀ ਦਲ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਸਵਿੰਦਰ ਕੌਰ ਠੁੱਲੇਵਾਲ, ਜ਼ਿਲ੍ਹਾ ਪ੍ਰਧਾਨ ਬੀਬਾ ਬੇਅੰਤ ਕੌਰ ਖਹਿਰਾ, ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਜਸਪ੍ਰੀਤ ਸਿੰਘ ਸਿੱਧੂ ਜੱਸਾ ਅਤੇ ਜਥੇਦਾਰ ਨਾਥ ਸਿੰਘ ਹਮੀਦੀ ਹਾਜ਼ਰ ਸਨ।