ਚੰਡੀਗੜ੍ਹ, 15 ਮਈ 2022 – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਫੇਸਬੁੱਕ ‘ਤੇ ਵੀਡੀਓ ਪਾ ਕੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਘੇਰਿਆ ਹੈ। ਖਹਿਰਾ ਨੇ ਕਿਹਾ ਕਿ ਜੇਕਰ ਉਨ੍ਹਾਂ ਵਿਚ ਜੁਰੱਅਤ ਹੈ ਤਾਂ 1-2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਦੀ ਜਗ੍ਹਾ ਤਾਕਤਵਰ ਸਿਆਸਤਦਾਨਾਂ ਤੇ ਵੱਡੇ ਅਫਸਰਾਂ ਕੋਲ਼ੋਂ ਹਜ਼ਾਰਾਂ ਕਿੱਲੇ ਖਾਲੀ ਕਰਵਾਉ। ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ‘ਚ ਦਰਜ ਨਵਾਂ ‘ਤੇ ਕਾਰਵਾਈ ਕਰੋ ਨਾ ਕੇ ਐਵੇ ਛੋਟੇ ਗਰੀਬ ਕਿਸਾਨਾਂ ਨੂੰ ਤੰਗ ਕਰੋ।
ਖਹਿਰਾ ਨੇ ਕਿਹਾ ਕਿ ਮੁਹਾਲੀ ਦਾ 50 ਹਜ਼ਾਰ ਏਕੜ ਰਕਬਾ ਕਬਜ਼ੇ ਹੇਠ ਹੈ। ਵੀਡੀਓ ‘ਚ ਖਹਿਰਾ ਨੇ ਵੱਡੇ ਲੀਡਰਾਂ ਦਾ ਸਿੱਧਾ ਨਾਂਅ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਰਗਿਆਂ ਨੇ ਸਰਕਾਰੀ ਜ਼ਮੀਨ ਦੱਬੀ ਹੋਈ ਹੈ, ਪਹਿਲਾਂ ਉਨ੍ਹਾਂ ਨੂੰ ਹੱਥ ਪਾਓ, ਇਕ-ਦੋ ਕਿੱਲਿਆਂ ਵਾਲੇ ਕਿਸਾਨਾਂ ਨੂੰ ਤਾਕਤ ਵਿਖਾਉਣ ਦੀ ਥਾਂ ਪਹਿਲਾਂ ਇਨ੍ਹਾਂ ਨੂੰ ਹੱਥ ਪਾਓ।
ਖਹਿਰਾ ਨੇ ਫੇਸਬੁੱਕ ‘ਤੇ ਵੀਡੀਓ ਪਾਉਂਦਿਆਂ ਲਿਖਿਆ ਕਿ, “ਧਾਲੀਵਾਲ ਜੀ, 40-50 ਗੰਨਮੈਨਾਂ ਦਾ ਸਹਾਰਾ ਲੈ ਕੇ ਤੁਸੀਂ ਹੁਣ ਤੂੰ ਤੜੱਕ ਤੇ ਉਤਰੇ ਹੋ, ਇਸ ਭਾਸ਼ਾ ਦਾ ਮੂੰਹ ਤੋੜ ਜਵਾਬ ਦੇਣਾ ਮੈਨੂੰ ਬਹੁਤ ਚੰਗੀ ਤਰਾਂ ਆਉਂਦਾ ਹੈ। ਮੁੱਦੇ ਦੀ ਗੱਲ ਕਰੋ ਤੇ ਜੇ ਤੁਹਾਡੇ ਵਿੱਚ ਜੁਰੱਅਤ ਹੈ ਤਾਂ 1-2 ਕਿੱਲਿਆਂ ਵਾਲੇ ਗਰੀਬ ਕਿਸਾਨਾਂ ਦੀ ਜਗਾ ਤਾਕਤਵਰ ਸਿਆਸਤਦਾਨਾਂ ਤੇ ਵੱਡੇ ਅਫਸਰਾਂ ਕੋਲ਼ੋਂ ਹਜ਼ਾਰਾਂ ਕਿੱਲੇ ਖਾਲੀ ਕਰਵਾਉ।”