- ਕਿਹਾ! ਪੰਜਾਬ ਸਰਕਾਰ ਸ਼ਹੀਦਾਂ ਦੀ ਵਿਰਾਸਤ ਅਤੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ
- ਸ਼ਹੀਦ ਸੁਖਦੇਵ ਦੇ ਜਨਮ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ
ਚੰਡੀਗੜ੍ਹ/ਲੁਧਿਆਣਾ, 15 ਮਈ 2022 – ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਜੇਲ੍ਹਾਂ ਅਤੇ ਕਾਨੂੰਨੀ ਅਤੇ ਵਿਧਾਨਿਕ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਹਮੇਸ਼ਾਂ ਜੀਵਤ ਰੱਖਣਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਜਾਣੂ ਕਰਾਉਣਾ ਸਾਡਾ ਹਰੇਕ ਦੇਸ਼ ਵਾਸੀ ਦਾ ਫਰਜ਼ ਬਣਦਾ ਹੈ।
ਬੈਂਸ ਅੱਜ ਗੁਰੂ ਨਾਨਕ ਦੇਵ ਭਵਨ ਵਿਖੇ ਮਹਾਨ ਸ਼ਹੀਦ ਸੁਖਦੇਵ ਜੀ ਦੇ ਜਨਮ ਦਿਵਸ ’ਤੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਸਾਰੇ ਵਿਧਾਇਕ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਸ੍ਰੀ ਅਸੋਕ ਪਰਾਸਰ ਪੱਪੀ, ਸ੍ਰੀ ਕੁਲਵੰਤ ਸਿੰਘ ਸਿੱਧੂ, ਸ੍ਰੀ ਦਲਜੀਤ ਸਿੰਘ ਗਰੇਵਾਲ, ਸ੍ਰੀ ਮਦਨ ਲਾਲ ਬੱਗਾ, ਸ੍ਰੀਮਤੀ ਰਜਿੰਦਰਪਾਲ ਕੌਰ ਛੀਨਾ, ਸ੍ਰੀ ਤਰੁਨਪ੍ਰੀਤ ਸਿੰਘ ਸੌਂਦ, ਸ੍ਰੀ ਮਨਵਿੰਦਰ ਸਿੰਘ ਗਿਆਸਪੁਰਾ, ਸ੍ਰੀ ਜੀਵਨ ਸਿੰਘ ਸੰਗੋਵਾਲ, ਸ੍ਰੀ ਹਰਦੀਪ ਸਿੰਘ ਮੁੰਡੀਆਂ ਅਤੇ ਸ੍ਰੀ ਹਾਕਮ ਸਿੰਘ ਠੇਕੇਦਾਰ ਆਦਿ ਹਾਜਰ ਸਨ।
ਸ਼ਹੀਦ ਨੂੰ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਸ੍ਰੀ ਬੈਂਸ ਨੇ ਕਿਹਾ ਕਿ ਸ਼ਹੀਦ ਸੁਖਦੇਵ ਜੀ ਇੱਕ ਮਹਾਨ ਕ੍ਰਾਂਤੀਕਾਰੀ ਸਨ, ਜਿਨਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਜ਼ਾਦੀ ਸੰਘਰਸ਼ ਵਿੱਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਦਾ ਜਨਮ 15 ਮਈ, 1907 ਲੁਧਿਆਣਾ ਸਹਿਰ ਦੇ ਨੌਘਰਾਂ ਮੁਹੱਲੇ ਵਿੱਚ ਆਪਣੇ ਜੱਦੀ ਘਰ ਵਿੱਚ ਹੋਇਆ। ਸ਼ਹੀਦ ਸੁਖਦੇਵ ਜੀ ਦੇਸ਼ ਦੇ ਉਨਾਂ ਮਹਾਨ ਯੋਧਿਆਂ ਵਿੱਚ ਇੱਕ ਸੀ, ਜਿਨਾਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ।
ਉਨਾਂ ਆਪਣੇ ਬਚਪਨ ਤੋਂ ਹੀ ਅੰਗਰੇਜ਼ ਹਾਕਮਾਂ ਵੱਲੋਂ ਭਾਰਤੀਆਂ ’ਤੇ ਕੀਤੇ ਜਾਂਦੇ ਜੁਲਮਾਂ ਨੂੰ ਅੱਖੀਂ ਦੇਖਿਆ ਸੀ, ਜਿਸ ਕਾਰਨ ਉਹ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ ਦੇਸ਼ ਨੂੰ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਵਾਉਣ ਦਾ ਪ੍ਰਣ ਲਿਆ। ਉਹਨਾਂ ਲਾਲਾ ਲਾਜਪਤ ਰਾਏ ਵੱਲੋ ਸੁਰੂ ਕੀਤੇ ਗਏ ਨੈਸ਼ਨਲ ਕਾਲਜ ਲਾਹੌਰ ਵਿਖੇ ਵੀ ਨੌਜਵਾਨਾਂ ਨੂੰ ਦੇਸ਼ ਆਜ਼ਾਦ ਕਰਵਾਉਣ ਲਈ ਸਿੱਖਿਅਤ ਕੀਤਾ ਅਤੇ ਲਾਹੌਰ ਵਿਖੇ ‘ਨੌਜਵਾਨ ਭਾਰਤ ਸਭਾ’ ਬਣਾਈ, ਜੋ ਕਿ ਹੋਰਨਾਂ ਸਮਾਜਿਕ ਗਤੀਵਿਧੀਆਂ ਦੇ ਨਾਲ-ਨਾਲ ਨੌਜਵਾਨਾਂ ਨੂੰ ਦੇਸ਼ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ ਵਿੱਚ ਕੁੱਦਣ ਲਈ ਪ੍ਰੇਰਦੀ ਸੀ।
ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇਸ਼ ਦੇ ਸ਼ਹੀਦਾਂ ਅਤੇ ਅਜ਼ਾਦੀ ਘੁਲਾਟੀਆਂ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਵਚਨਬੱਧ ਹੈ, ਜਿਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਬਾਰੇ ਜਾਣੂ ਕਰਾਉਣ ਦੇ ਮਕਸਦ ਨਾਲ ਹੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਸੁਖਦੇਵ ਜੀ ਸਮੇਤ ਉਨਾਂ ਸਾਰੇ ਸ਼ਹੀਦਾਂ ਦੀ ਯਾਦ ਵਿੱਚ ਰਾਜ ਪੱਧਰੀ ਸਮਾਗਮ ਕਰਵਾਏ ਜਾਂਦੇ ਹਨ, ਜਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਬੈਂਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿੱਚੋਂ ਸਮਾਜਿਕ ਕੁਰੀਤੀਆਂ ਨੂੰ ਬਾਹਰ ਸੁੱਟਣ ਲਈ ਅੱਗੇ ਆਉਣ, ਜੋ ਕਿ ਦੇਸ਼ ਲਈ ਸ਼ਹੀਦ ਹੋਣ ਵਾਲਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਦਿਹਾੜੇ ਇਸ ਲਈ ਮਨਾਏ ਜਾਂਦੇ ਹਨ, ਤਾਂ ਜੋ ਲੋਕ ਖਾਸ ਕਰਕੇ ਨੌਜਵਾਨ ਵਰਗ ਦੇਸ਼ ਭਗਤੀ ਦੀ ਭਾਵਨਾ ਗ੍ਰਹਿਣ ਕਰ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਰਖਵਾਲੀ ਅਤੇ ਉਨਾਂ ਦੇ ਮਾਣ ਸਤਿਕਾਰ ਨੂੰ ਬਹਾਲ ਰੱਖਣ ਲਈ ਵਚਨਬੱਧ ਹੈ।
ਇਸ ਤੋ ਪਹਿਲਾਂ ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਸਥਿਤ ਸਹੀਦ ਸੁਖਦੇਵ ਦੇ ਜੱਦੀ ਘਰ ਮੁਹੱਲਾ ਨੌਘਰਾਂ ਜਾ ਕੇ ਸਹੀਦ ਸੁਖਦੇਵ ਨੂੰ ਸਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਪ੍ਰਬੰਧਕ ਕਮੇਟੀ ਵੱਲੋ ਕਰਵਾਏ ਜਾ ਰਹੇ ਹਵਨ ਸਮਾਗਮ ਵਿੱਚ ਵੀ ਸਮੂਲੀਅਤ ਕੀਤੀ।ਇਸ ਉਪਰੰਤ ਸ੍ਰੀ ਹਰਜੋਤ ਸਿੰਘ ਬੈਂਸ ਨੂੰ ਲੁਧਿਆਣਾ ਪੁਲਿਸ ਦੀ ਟੁਕੜੀ ਵੱਲੋ ਗਾਰਡ ਆਫ ਆਨਰ ਵੀ ਗੁਰੂ ਨਾਨਕ ਦੇਵ ਭਵਨ ਵਿਖੇ ਦਿੱਤਾ ਗਿਆ।
ਇਸ ਮੌਕੇ ਡਾ. ਮੰਜੂ ਮਲਹੋਤਰਾ ਰਿਟਾਇਰਡ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਸ਼ਹੀਦ ਸੁਖਦੇਵ ਜੀ ਦੇ ਜੀਵਨ ਬਾਰੇ ਬੜੇ ਹੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਉਨਾਂ ਸ਼ਹੀਦ ਜੀ ਦੇ ਜੀਵਨ ਬਾਰੇ ਕਈ ਨਵੇਂ ਤੱਥ ਪੇਸ਼ ਕੀਤੇ। ਇਸ ਤੋ ਇਲਾਵਾ ਇਸਮੀਤ ਅਕੈਡਮੀ ਦੇ ਵਿਦਿਆਰਥੀਆਂ ਵੱਲੋ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋ ਪਹੁੰਚੇ ਕੈਬਿਨਟ ਮੰਤਰੀ ਸ. ਹਰਜੋਤ ਸਿੰਘ ਬੈਂਸ ਦਾ ਜਿਲ੍ਹਾ ਪ੍ਰਸ਼ਾਸਨ ਵੱਲੋ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਆਪ ਦੇ ਸੀਨੀਅਰ ਆਗੂ ਡਾ.ਕੇ.ਐਨ.ਐਸ. ਕੰਗ, ਸ੍ਰੀ ਅਮਨਦੀਪ ਸਿੰਘ ਮੋਹੀ, ਸ੍ਰੀ ਅਹਿਬਾਬ ਸਿੰਘ ਗਰੇਵਾਲ, ਸ੍ਰੀ ਗੁਰਜੀਤ ਸਿੰਘ ਗਿੱਲ, ਸ੍ਰੀ ਦੁਪਿੰਦਰ ਸਿੰਘ, ਜਿਲ੍ਹਾ ਪ੍ਰਧਾਨ (ਸ਼ਹਿਰੀ) ਸੁਰੇਸ ਗੋਇਲ, ਜਿਲ੍ਹਾ ਪ੍ਰਧਾਨ (ਦਿਹਾਤੀ) ਸ੍ਰੀ ਹਰਭੁਪਿੰਦਰ ਸਿੰਘ ਧਰੌੜ, ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਏ.ਡੀ.ਸੀ. ਖੰਨਾ ਸ੍ਰੀ ਅਮਰਜੀਤ ਸਿੰਘ ਬੈਂਸ, ਐਸ.ਡੀ.ਐਮ ਰਾਏਕੋਟ ਸ੍ਰੀ ਗੁਰਬੀਰ ਸਿੰਘ ਕੋਹਲੀ ਅਤੇ ਐਸ.ਡੀ.ਐਮ. ਲੁਧਿਆਣਾ ਪੂਰਬੀ ਸ੍ਰੀ ਗੁਰਸਿਮਰਨ ਸਿੰਘ ਢਿੱਲੋ ਤੋ ਇਲਾਵਾ ਹੋਰ ਵੀ ਹਾਜਰ ਸਨ।