ਨਵੀਂ ਦਿੱਲੀ, 17 ਮਈ 2022 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੇ ਕਿ ਉਹ ਦੋ ਸਿੱਖਾਂ ਦੇ ਕਤਲ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਚੁੱਕੇ ਅਤੇ ਪਾਕਿਸਤਾਨ ਸਰਕਾਰ ਨੁੰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਵਾਸਤੇ ਕਹੇ।
ਇਸ ਮਾਮਲੇ ਵਿਚ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੁੰ ਲਿਖੇ ਪੱਤਰ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਉਹਨਾਂ ਨੂੰ ਪੇਸ਼ਾਵਰ ਵਿਚ ਦੋ ਸਿੱਖਾਂ ਦਾ ਕਤਲੇ ਕੀਤੇ ਜਾਣ ਦੇ ਮਾਮਲੇ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਸਥਾਨਕ ਸਿੱਖ ਭਾਈਚਾਰੇ ਨੇ ਮਿ੍ਰਤਕਾਂ ਦੀ ਪਛਾਣ 42 ਸਾਲਾ ਰਣਜੀਤ ਸਿੰਘ ਤੇ 38 ਸਾਲਾ ਕੁਲਜੀਤ ਵਜੋਂ ਕੀਤੀ ਹੈ। ਉਹਨਾਂ ਦੱਸਿਆ ਕਿ ਇਹ ਦੋਵੇਂ ਆਪਣੀਆਂ ਦੁਕਾਨਾਂ ’ਤੇ ਬੈਠੇ ਸਨ ਜਦੋਂ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੇ ਇਹ ਹਮਲਾ ਕੀਤਾ।
ਉਹਨਾਂ ਦੱਸਿਆ ਕਿ ਇਹ ਸਿੱਖਾਂ ’ਤੇ ਹਮਲੇ ਦੀ ਪਹਿਲੀ ਘਟਨਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ 8 ਮਹੀਨੇ ਪਹਿਲਾਂ ਘੱਟ ਗਿਣਤੀ ਭਾਈਚਾਰੇ ‘ਤੇ ਹਮਲਾ ਹੋਇਆ ਸੀ। ਉਹਨਾਂ ਦੱਸਿਆ ਕਿ ਪੇਸ਼ਾਵਰ ਵਿਚ ਸਿੱਖਾਂ ਨੁੰ ਡਰਾਉਣ ਲਈ ਇਹ ਕਤਲੇਆਮ ਕੀਤੇ ਜਾ ਰਹੇ ਹਨ। ਪਿਛਲੇ ਸਾਲ ਸਤੰਬਰ ਵਿਚ ਸਤਵੰਤ ਸਿੰਘ ਨਾਂ ਦੇ ਇਕ ਦੁਕਾਨਦਾਰ ਦੀ ਹੱਤਿਆ ਕਰ ਦਿੱਤੀ ਗਈ। ਉਹਨਾ ਦੱਸਿਆ ਕਿ ਪੇਸ਼ਾਵਰ ਵਿਚ ਸਿੱਖ ਘੱਟ ਗਿਣਤੀ ਵਿਚ ਹਨ ਤੇ ਇਸ ਹਮਲੇ ਤੋਂ ਬਾਅਦ ਉਹ ਘਬਰਾਏ ਹੋਏ ਹਲ। ਉਹਨਾਂ ਦੱਸਿਆ ਕਿ ਸਤਵੰਤ ਸਿੰਘ ਦੇ ਪਰਿਵਾਰ ਨੁੰ ਹਾਲੇ ਤੱਕ ਨਿਆਂ ਨਹੀਂ ਮਿਲਿਆ।
ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਹਿੰਦੂਆਂ ਤੇ ਸਿੱਖਾਂ ਸਮੇਤ ਘੱਟ ਗਿਣਤੀ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾਂ ਨੇ ਵਿਦੇਸ਼ ਮੰਤਰੀ ਨੁੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਚੁੱਕਣ ਤੇ ਸਿੱਖਾਂ ਤੇ ਹਿੰਦੂਆਂ ਸਮੇਤ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਖਣ।