ਚੰਡੀਗੜ੍ਹ, 20 ਮਈ 2022 – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੂੰ ਵੱਡੀ ਭੈਣ ਸੁਮਨ ਤੂਰ ਦਾ ਸਮਰਥਨ ਮਿਲਿਆ ਹੈ। ਅਮਰੀਕਾ ਰਹਿੰਦੀ ਭੈਣ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਦੁਖਦਾਈ ਹੈ। ਕਾਸ਼ ਇਹ ਪੰਜਾਬ ਹੁੰਦੀ ਤਾਂ ਉਹ ਸਿੱਧੂ ਨੂੰ ਗਲ ਨਾਲ ਲਾਉਂਦੀ। ਉਸਦੇ ਮੱਥੇ ਨੂੰ ਚੁੰਮਦੀ। ਉਹ ਉਸ ਨੂੰ ਸੁਪੋਰਟ ਕਰਦੀ।
ਤੁਹਾਨੂੰ ਦੱਸ ਦਈਏ ਕਿ ਪੰਜਾਬ ਚੋਣਾਂ ਦੌਰਾਨ ਸੁਮਨ ਤੂਰ ਨੇ ਸਿੱਧੂ ‘ਤੇ ਭੈਣਾਂ ਨਾਲ ਧੱਕੇਸ਼ਾਹੀ ਦੇ ਦੋਸ਼ ਲਾਏ ਸਨ। ਤੂਰ ਨੇ ਕਿਹਾ ਕਿ ਸ਼ੈਰੀ ਬਹੁਤ ਜ਼ਾਲਮ ਹੈ। ਉਸ ਨੇ ਮਾਂ ਅਤੇ ਵੱਡੀ ਭੈਣ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ।
ਸੁਮਨ ਤੂਰ ਨੇ ਕਿਹਾ ਕਿ ਅੱਜ ਮੇਰੇ ਅਤੇ ਮੇਰੇ ਪਰਿਵਾਰ ਲਈ ਦੁੱਖ ਦਾ ਦਿਨ ਹੈ। ਸ਼ੈਰੀ (ਨਵਜੋਤ ਸਿੱਧੂ) ਮੇਰੇ ਲਈ ਪੁੱਤ ਵਰਗਾ ਹੈ। ਮੈਨੂੰ ਰੱਬ ਵਿੱਚ ਪੂਰਾ ਵਿਸ਼ਵਾਸ ਹੈ। ਉਹ ਸਾਨੂੰ ਦੁੱਖ ਦੇ ਸਮੇਂ ਵਿੱਚੋਂ ਲੰਘਣ ਦੀ ਤਾਕਤ ਦੇਵੇਗਾ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਸ ਦੁਖਦਾਈ ਸਮੇਂ ਤੋਂ ਬਾਹਰ ਆਉਣ ਲਈ ਸਮਾਂ ਦਿਓ।
ਸੁਮਨ ਤੂਰ ਨੇ ਦੋਸ਼ ਲਾਇਆ ਸੀ ਕਿ ਪਿਤਾ ਭਗਵੰਤ ਸਿੱਧੂ ਦੀ ਮੌਤ ਤੋਂ ਬਾਅਦ ਸਿੱਧੂ ਨੇ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ। ਫਿਰ ਉਸਨੇ ਮੀਡੀਆ ਵਿੱਚ ਇਹ ਬਿਆਨ ਦੇ ਕੇ ਝੂਠ ਬੋਲਿਆ ਕਿ ਉਸਦੇ ਮਾਤਾ-ਪਿਤਾ ਨਿਆਂਇਕ ਤੌਰ ‘ਤੇ ਵੱਖ ਹੋ ਗਏ ਹਨ। ਸੁਮਨ ਨੇ ਕਿਹਾ ਕਿ ਉਸ ਦੀ ਮਾਂ ਨੇ ਦਿੱਲੀ ਦੇ ਗੇੜੇ ਮਾਰੇ ਅਤੇ ਅੰਤ ਵਿਚ ਉਹ ਦਿੱਲੀ ਰੇਲਵੇ ਸਟੇਸ਼ਨ ‘ਤੇ ਲਾਵਾਰਿਸਾਂ ਦੀ ਤਰ੍ਹਾਂ ਮਰ ਗਈ। ਸੁਮਨ ਨੇ ਕਿਹਾ ਸੀ ਕਿ ਸਿੱਧੂ ਨੇ ਇਹ ਸਭ ਜਾਇਦਾਦ ਲਈ ਕੀਤਾ ਹੈ। ਉਹ ਆਪਣੀ ਸ਼ਿਕਾਇਤ ਲੈ ਕੇ ਮਹਿਲਾ ਕਮਿਸ਼ਨ ਕੋਲ ਪਹੁੰਚੀ ਸੀ।
ਇਸ ਦੇ ਜਵਾਬ ‘ਚ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਰਾਜਨੀਤੀ ਲਈ ਮੇਰੀ ਮਾਂ ਨੂੰ ਕਬਰ ‘ਚੋਂ ਬਾਹਰ ਕੱਢ ਲਿਆਏ ਹਨ। ਲੋਕ ਅਜਿਹੀ ਸਸਤੀ ਰਾਜਨੀਤੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ।