ਮੋਹਾਲੀ, 21 ਮਈ 2022 – ਮੋਹਾਲੀ ਬੰਬ ਧਮਾਕਾ ਮਾਮਲੇ ਵਿੱਚ ਗ੍ਰਿਫਤਾਰ ਨਿਸ਼ਾਨ ਸਿੰਘ ਨੂੰ ਪਨਾਹ ਦੇਣ ਵਾਲੇ 10 ਲੋਕਾਂ ਤੋਂ ਪੁਲਿਸ ਪੁੱਛਗਿੱਛ ਕਰੇਗੀ। Mohali Bomb Blast ਮਾਮਲੇ ‘ਚ ਪੰਜਾਬ ਪੁਲਿਸ ਨੇ 10 ਸ਼ੱਕੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਪੁਲਿਸ ਨੇ ਇਹ ਫੈਸਲਾ ਨਿਸ਼ਾਨ ਸਿੰਘ ਦਾ ਦੂਜਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਲਿਆ ਹੈ।
9 ਮਈ ਨੂੰ ਮੋਹਾਲੀ ਸਥਿਤ ਸੂਬਾ ਪੁਲਿਸ ਦੇ ਖੁਫ਼ੀਆ ਦਫ਼ਤਰ ‘ਤੇ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਮੁੱਖ ਮੁਲਜ਼ਮ ਨਿਸ਼ਾਨ ਸਿੰਘ ਨੂੰ ਫ਼ਰੀਦਕੋਟ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਿਛਲੇ ਸਮੇਂ ਦੌਰਾਨ ਸੂਬੇ ਦੇ ਵੱਖ-ਵੱਖ ਥਾਵਾਂ ਨਾਲ ਸਬੰਧਤ 10 ਵਿਅਕਤੀਆਂ ਨੇ ਨਿਸ਼ਾਨ ਸਿੰਘ ਨੂੰ ਵੱਖ-ਵੱਖ ਸਮੇਂ ਕਥਿਤ ਤੌਰ ‘ਤੇ ਪਨਾਹ ਦਿੱਤੀ ਸੀ। ਜਿਹਨਾਂ ਤੋਂ ਪੁਲਿਸ ਪੁੱਛਗਿੱਛ ਕਰੇਗੀ।
ਜ਼ਿਲ੍ਹਾ ਪੁਲੀਸ ਨੇ ਇਨ੍ਹਾਂ ਸਾਰੇ ਸ਼ੱਕੀਆਂ ਨੂੰ ਪੁੱਛਗਿੱਛ ਲਈ ਬੁਲਾਉਣ ਦੀ ਯੋਜਨਾ ਬਣਾਈ ਹੈ। ਪੁਲਿਸ ਨੇ ਨਿਸ਼ਾਨ ਦੀ 4 ਦਿਨਾਂ ਦੀ ਹਿਰਾਸਤ ਦੌਰਾਨ ਉਸ ਤੋਂ ਪੁੱਛਗਿੱਛ ਦੌਰਾਨ ਕਈ ਥਾਵਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ। ਜਿਸ ‘ਚ ਪੁਲਿਸ ਨੂੰ ਵੱਲੋਂ ਹਰਿਆਣਾ ਦੇ ਪਿਹੋਵਾ ਤੋਂ ਇੱਕ ਹਥਿਆਰ ਬਰਾਮਦ ਕੀਤਾ ਗਿਆ ਹੈ। ਨਿਸ਼ਾਨ ਸਿੰਘ ਪਹਿਲਾਂ ਹੀ 13 ਕੇਸਾਂ ਦਾ ਸਾਹਮਣਾ ਕਰ ਰਿਹਾ ਹੈ।
ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਨਿਸ਼ਾਨ ਸਿੰਘ ਦੇ ਸੂਬੇ ਵਿਚ ਕੁਝ ਲੋਕ ਨਿਸ਼ਾਨੇ ‘ਤੇ ਸਨ, ਜਿਹਨਾਂ ਦਾ ਉਸ ਨੇ ਕਤਲ ਕਰਨਾ ਸੀ। ਦੋਸ਼ ਹੈ ਕਿ ਨਿਸ਼ਾਨ ਸਿੰਘ ਨੂੰ ਇਹ ਟਾਰਗੇਟ ਇੱਕ ਕੈਨੇਡੀਅਨ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਦਿੱਤੇ ਸਨ, ਜੋ ਕਿ ਮੋਹਾਲੀ ਬੰਬ ਧਮਾਕੇ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਲੰਡਾ ਨੇ ਨਿਸ਼ਾਨ ਸਿੰਘ ਨੂੰ ਕੁਝ ਲੋਕਾਂ ਨਾਲ ਆਪਣੀ ਰੰਜਿਸ਼ ਕਾਰਨ ਇਹ ਟਾਰਗੇਟ ਦਿੱਤੇ ਸਨ।
ਨਿਸ਼ਾਨ ਸਿੰਘ ਦਾ ਚਾਰ ਦਿਨ ਦਾ ਦੂਜਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ, ਜਦਕਿ ਮੋਹਾਲੀ ਪੁਲਿਸ ਹੁਣ ਮੋਹਾਲੀ ਬੰਬ ਧਮਾਕੇ ਦੇ ਮਾਮਲੇ ‘ਚ ਹੋਰ ਪੁੱਛਗਿੱਛ ਲਈ ਉਸ ਦੇ ਪ੍ਰੋਡਕਸ਼ਨ ਵਾਰੰਟ ਲੈਣ ਲਈ ਤਿਆਰ ਹੈ। ਨਿਸ਼ਾਨ ਸਿੰਘ ਨੂੰ ਮੋਹਾਲੀ ਬੰਬ ਧਮਾਕੇ ਦੇ ਦੋ ਦਿਨ ਬਾਅਦ ਫਰੀਦਕੋਟ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ।
ਨਿਸ਼ਾਨ ਸਿੰਘ ਨੂੰ ਫਰੀਦਕੋਟ ਪੁਲਸ ਨੇ ਮੋਹਾਲੀ ਬੰਬ ਧਮਾਕੇ ਦੇ ਮਾਮਲੇ ਤੋਂ ਕੁਝ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਜਦੋਂਕਿ ਪੁਲੀਸ ਨੇ ਨਿਸ਼ਾਨ ਸਿੰਘ ਨੂੰ ਕੁਝ ਹਥਿਆਰਾਂ ਦੀ ਬਰਾਮਦਗੀ ਲਈ ਗ੍ਰਿਫ਼ਤਾਰ ਕਰ ਲਿਆ ਸੀ।