ਮੋਹਾਲੀ, 21 ਮਈ 2022 -ਪੰਜਾਬ ਵਿੱਚ ਡੇਅਰੀ ਧੰਦੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਲਗਾਤਾਰ ਵੱਧ ਰਹੀਆਂ ਪਸ਼ੂ ਖੁਰਾਕ ਦੀਆਂ ਕੀਮਤਾਂ ਅਤੇ ਹੋਰ ਲਾਗਤਾਂ ਵਿੱਚ ਹੋ ਰਹੇ ਵਾਧੇ ਨਾਲ ਪੈਦਾ ਹੋਈ ਮੁਸ਼ਕਿਲ ਨੂੰ ਮੁੱਖ ਰੱਖਦੇ ਹੋਏ ਮਿਲਕਫੈਡ ਵਲੋਂ ਮਿਤੀ 21.05.2022 ਤੋਂ ਦੁੱਧ ਦੇ ਖਰੀਦ ਭਾਅ ਵਿੱਚ 20/- ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕਰਨ ਜਾ ਰਿਹਾ ਹੈ ਜਿਸ ਨਾਲ ਗਾਂ ਦੇ ਦੁੱਧ ਤੇ ਤਕਰੀਬਨ 1/- ਰੁਪਏ ਪ੍ਰਤੀ ਕਿੱਲੋ ਅਤੇ ਮੱਝ ਦੇ ਦੁੱਧ ਤੇ 1.40/- ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਵੇਗਾ।
ਇਸ ਫੈਸਲੇ ਸਬੰਧੀ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆਂ ਹਰਪਾਲ ਸਿੰਘ ਚੀਮਾ, ਸਹਿਕਾਰਤਾ ਮੰਤਰੀ, ਪੰਜਾਬ ਵਲੋਂ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤ ਲਈ ਹੋਰ ਵੀ ਠੋਸ ਉਪਰਾਲੇ ਕੀਤੇ ਜਾਣਗੇ। ਮਿਲਕਫੈਡ ਵਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾਂ ਦੁੱਧ ਦੀਆਂ ਉੱਚੀਆਂ ਖਰੀਦ ਕੀਮਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਖਾਸ ਕਰਕੇ ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਜਦੋਂ ਪ੍ਰਾਈਵੇਟ ਖਰੀਦਦਾਰਾਂ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਸੀ ਅਤੇ ਦੁੱਧ ਦੇ ਭਾਅ ਘਟਾ ਦਿੱਤੇ ਸਨ ਤਾਂ ਮਿਲਕਫੈਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਦੁੱਧ ਉਤਪਾਦਕਾਂ ਨੂੰ ਵਾਜਿਬ ਦੁੱਧ ਖਰੀਦ ਰੇਟ ਦਿੱਤੇ ।