ਪੁਲਿਸ ਕਾਂਸਟੇਬਲ ‘ਤੇ ਹਮਲਾ ਕਰਨ ਵਾਲੇ 5 ਮੁਲਜ਼ਮ ਗ੍ਰਿਫਤਾਰ, ਬੇਸਬਾਲ ਮਾਰ ਖੋਹੀ ਸੀ ਕਾਰ

ਲੁਧਿਆਣਾ, 24 ਮਈ 2022 – ਚੇਤ ਸਿੰਘ ਨਗਰ ਇਲਾਕੇ ਵਿੱਚ ਦਰਜਨ ਭਰ ਵਿਅਕਤੀਆਂ ਨੇ ਪੁਲੀਸ ਕਾਂਸਟੇਬਲ ’ਤੇ ਹਮਲਾ ਕਰ, ਉਸ ਦੀ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਤੋਂ ਬਾਅਦ ਉਸ ਦੀ ਕਾਰ ਖੋਹ ਲਈ ਸੀ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਫ਼ਰਾਰ ਹੋ ਗਏ ਸਨ। ਥਾਣਾ ਡਿਵੀਜ਼ਨ ਨੰਬਰ 6 ਦੀ ਮਿਲਰ ਗੰਜ ਚੌਕੀ ਦੀ ਪੁਲੀਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟੀ ਹੋਈ ਕਾਰ ਬਰਾਮਦ ਕਰ ਲਈ ਹੈ। ਇਸ ਤੋਂ ਇਲਾਵਾ ਉਸ ਦੇ ਕਬਜ਼ੇ ‘ਚੋਂ ਹੌਲਦਾਰ ਦਾ ਆਈ-ਕਾਰਡ, ਲੁੱਟੀ ਗਈ 2 ਹਜ਼ਾਰ ਰੁਪਏ ਦੀ ਨਕਦੀ, ਬੇਸਬਾਲ ਅਤੇ ਵਾਰਦਾਤ ‘ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਐਸਐਚਓ ਮਧੂ ਬਾਲਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਡਾਬਾ ਰੋਡ ਗੁਰਪਾਲ ਨਗਰ, ਅਮਨਿੰਦਰ ਸਿੰਘ, ਸਿਮਰਨਜੀਤ ਸਿੰਘ ਉਰਫ਼ ਸੰਨੀ, ਸਰਪ੍ਰੀਤ ਸਿੰਘ ਅਤੇ ਵਿਸ਼ਾਲ ਕੁਮਾਰ ਵਾਸੀ ਕਬੀਰ ਨਗਰ ਵਜੋਂ ਹੋਈ ਹੈ। ਪੁਲੀਸ ਨੇ ਇਹ ਕੇਸ ਕਾਂਸਟੇਬਲ ਬਲਦੇਵ ਸਿੰਘ ਵਾਸੀ ਗੋਨਿਆਣਾ, ਬਠਿੰਡਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਉਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਹ ਐਂਟੀ ਨਾਰਕੋਟਿਕ ਸੈੱਲ ਦੀ ਟੀਮ ਵਿੱਚ ਤਾਇਨਾਤ ਹੈ। ਸ਼ਨੀਵਾਰ ਰਾਤ ਸਾਢੇ 11 ਵਜੇ ਉਹ ਆਪਣੇ ਸਾਥੀ ਕਾਂਸਟੇਬਲ ਪਰਮਜੀਤ ਸਿੰਘ ਨਾਲ ਸਫੇਦ ਰੰਗ ਦੀ ਐਂਡੀਵਰ ਗੱਡੀ ਨੰਬਰ ਪੀਬੀ 11 ਬੀਸੀ 4848 ਵਿੱਚ ਗਸ਼ਤ ਲਈ ਰਵਾਨਾ ਹੋਇਆ ਸੀ।

ਪਰਮਜੀਤ ਚੇਤ ਸਿੰਘ ਨਗਰ ਸਥਿਤ ਸ਼ਰਾਬ ਦੇ ਠੇਕੇ ਦੇ ਨੇੜੇ ਚੱਕਰ ਲਗਾਉਣ ਲਈ ਪੈਦਲ ਗਿਆ ਸੀ। ਇਸ ਦੌਰਾਨ ਸਰਪ੍ਰੀਤ ਅਤੇ ਉਸਦੇ ਸਾਥੀ ਆਪਸ ਵਿੱਚ ਉਲਝ ਰਹੇ ਸਨ।ਉਨ੍ਹਾਂ ਦਾ ਝਗੜਾ ਹੁੰਦਾ ਦੇਖ ਬਲਦੇਵ ਸਿੰਘ ਉਨ੍ਹਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਹਟਾਉਣ ਲੱਗਾ। ਜਿਸ ‘ਤੇ ਆਪਸ ‘ਚ ਲੜ ਰਹੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਉਸ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰਨ ਤੋਂ ਬਾਅਦ ਉਸ ਦੀ ਵਰਦੀ ਪਾੜ ਦਿੱਤੀ।

ਆਸਪਾਸ ਦੇ ਲੋਕਾਂ ਦਾ ਇਕੱਠ ਦੇਖ ਕੇ ਦੋਸ਼ੀ ਉਸ ਦੀ ਕਾਰ, ਆਈ ਕਾਰਡ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਬਲਦੇਵ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਸੋਮਵਾਰ ਬਾਅਦ ਦੁਪਹਿਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਅਰੋੜਾ ਪੈਲੇਸ ਸ਼ਮਸ਼ਾਨਘਾਟ ਨੇੜੇ ਰਾਮ ਮੰਦਰ ਪਾਰਕ ‘ਚ ਛਾਪੇਮਾਰੀ ਕਰ ਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਥੋਂ ਕਾਂਸਟੇਬਲ ਦੀ ਕਾਰ ਵੀ ਮਿਲੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਨੇ ਢਾਈ ਸਾਲ ਪਹਿਲਾਂ ਹੀ ਫੌਤ ਹੋ ਚੁੱਕੇ ਨੌਜਵਾਨ ‘ਤੇ ਪਾਇਆ ਚਿੱਟੇ ਦਾ ਕੇਸ

ਰਾਤ ਨੂੰ ਘਰੋਂ ਸੈਰ ਕਰਨ ਨਿੱਕਲੇ ਨੌਜਵਾਨ ‘ਤੇ ਚੱਲੀ ਗੋਲੀ