ਚੰਡੀਗੜ੍ਹ, 26 ਮਈ 2022 – ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ (ਕੈਪਟਨ ਅਮਰਿੰਦਰ) ਤੋਂ ਪਿਛਲੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਂ ਪੁੱਛਣ ਦੇ ਸੁਝਾਅ ਦਾ ਸਵਾਗਤ ਕੀਤਾ, ਖਾਸਕਰ ਜਿਹੜੇ ਰੇਤ ਦੀ ਗੈਰ ਕਾਨੂੰਨੀ ਖੁਦਾਈ ਵਿੱਚ ਸ਼ਾਮਲ ਸਨ।
ਜਾਰੀ ਇੱਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਖੁਦ ਰੰਧਾਵਾ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਸਮੇਤ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਦੇ ਨਾਵਾਂ ਦਾ ਖੁਲਾਸਾ ਕਰਨ ਅਤੇ ਹੋਰ ਵੇਰਵੇ ਦੇਣ ਲਈ ਤਿਆਰ ਹਨ।
ਕੈਪਟਨ ਅਮਰਿੰਦਰ ਨੇ ਕਿਹਾ, ਉਹ ਭਗਵੰਤ ਮਾਨ ਦੁਆਰਾ ਆਪਣੇ ਮੰਤਰੀ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਤੁਰੰਤ ਕਾਰਵਾਈ ਦਾ ਸਵਾਗਤ ਕਰਦੇ ਹਨ।
ਉਨ੍ਹਾਂ ਕਿਹਾ, ਮੰਤਰੀ ਅਦਾਲਤ ਵਿੱਚ ਆਪਣਾ ਬਚਾਅ ਕਰ ਸਕਦਾ ਹੈ, ਪਰ ਮਾਨ ਨੇ ਸ਼ਿਕਾਇਤ ਤੋਂ ਬਾਅਦ ਜੋ ਕੀਤਾ, ਉਹ ਇੱਕ ਮਜ਼ਬੂਤ ਅਤੇ ਦ੍ਰਿੜ ਸੰਦੇਸ਼ ਦੇਣ ਲਈ ਸਹੀ ਕੰਮ ਸੀ।