- ਭਗਵੰਤ ਮਾਨ ਵੱਲੋਂ ਸਿੰਗਲਾ ਨੂੰ ਦਿਖਾਵੇ ਵਜੋਂ ਨਹੀਂ ਸਗੋਂ ਪਾਰਟੀ ‘ਚੋਂ ਕੱਡ ਕੇ ਕੇਸ ਨਾਲ ਸਬੰਧਤ ਅਦਾਲਤੀ ਕਾਰਵਾਈ ਤੱਕ ਪਹੁੰਚਾਇਆ ਜਾਵੇ: ਜੀਵਨ ਗੁਪਤਾ
ਚੰਡੀਗੜ੍ਹ, 26 ਮਈ 2022 – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੈਬਨਿਟ ਮੰਤਰੀ ਵਿਜੇ ਸਿੰਗਲਾ ‘ਤੇ ਕੀਤੀ ਗਈ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਸਿਰਫ਼ ਲੋਕਾਂ ਨੂੰ ਦਿਖਾਉਣ ਲਈ ਸਿੰਗਲਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਇਆ ਗਿਆ ਹੈ। ਗੁਪਤਾ ਨੇ ਕਿਹਾ ਕਿ ਭਗਵੰਤ ਮਾਨ ਦੱਸਣ ਕਿ ਭ੍ਰਿਸ਼ਟ ਸਿੰਘਲਾ ਨੂੰ ਪਾਰਟੀ ‘ਚੋਂ ਕੱਢਿਆ ਗਿਆ ਹੈ ਜਾਂ ਨਹੀਂ? ਜੇ ਨਹੀਂ, ਤਾਂ ਇਸਦਾ ਕਾਰਨ ਵੀ ਜਨਤਾ ਦੇ ਸਾਹਮਣੇ ਦੱਸੋ।
ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਮੰਤਰੀ ਵਿਜੇ ਸਿੰਗਲਾ ਨੂੰ ਪਾਰਟੀ ਵਿੱਚੋਂ ਨਾ ਕੱਢਣਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ। ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਇਸ ਮਾਮਲੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸਿੰਗਲਾ ਨੂੰ ਅਜੇ ਤੱਕ ਪਾਰਟੀ ‘ਚੋਂ ਕਿਉਂ ਨਹੀਂ ਕੱਢਿਆ ਗਿਆ? ਗੁਪਤਾ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਦੀ ਨੀਅਤ ਸਹੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੰਗਲਾ ਨੂੰ ਭ੍ਰਿਸ਼ਟ ਸਾਬਤ ਕਰਨ ਤੋਂ ਬਾਅਦ ਹੁਣ ਭਗਵੰਤ ਮਾਨ ਨੂੰ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਕਾਰਵਾਈ ਪੂਰੀ ਕਰਕੇ ਦੋਸ਼ੀ ਨੂੰ ਅਦਾਲਤ ਰਾਹੀਂ ਸਜ਼ਾ ਦਿਵਾਉਣੀ ਚਾਹੀਦੀ ਹੈ।
ਜੀਵਨ ਗੁਪਤਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੇ ਸਿੰਗਲਾ ਵਿਰੁੱਧ ਕਾਰਵਾਈ ਕੀਤੀ ਹੈ ਤਾਂ ਹੁਣ ਤੱਕ ਬੈਂਕ ਆਫ ਇੰਡੀਆ ਵੱਲੋਂ ਸੀ.ਬੀ.ਆਈ. ਕੋਲ ਦਰਜ ਕਰਵਾਏ ਗਏ 40 ਕਰੋੜ ਦਾ ਬੈਂਕ ਘੋਟਾਲਾ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਸ਼ਾਮਲ ਹਨ, ਖਿਲਾਫ਼ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਸਰਕਾਰੀ ਮੁਲਾਜ਼ਮਾਂ ਦੀ ਬਦਲੀ ਕਰਵਾਉਣ ਲਈ ਰਿਸ਼ਵਤ ਲੈਣ ਵਾਲੇ ‘ਆਪ’ ਆਗੂ ਜੈਕਿਸ਼ਨ ਰੋਡੀ ‘ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ‘ਚ ‘ਆਪ’ ਆਗੂ ਕੁਲਦੀਪ ਧਾਲੀਵਾਲ ਦਾ ਨਾਂਅ ਸਾਹਮਣੇ ਆਉਣ ‘ਤੇ ਵੀ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਅਵਤਾਰ ਸਿੰਘ ਬੰਟੀ ਵੱਲੋਂ ਮੋਗਾ ਵਿੱਚ ਟਰੱਕ ਯੂਨੀਅਨ ਦੇ ਲੋਕਾਂ ਨਾਲ ਕੁੱਟਮਾਰ ਕਰਨ ਅਤੇ ਆਪਣੇ ਆਪ ਨੂੰ ਯੂਨੀਅਨ ਦਾ ਅਖੌਤੀ ਪ੍ਰਧਾਨ ਐਲਾਨਣ ਦੇ ਮਾਮਲੇ ਵਿੱਚ ਹੁਣ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਸ ਤੋਂ ਇਲਾਵਾ ਹਲਕਾ ਭੁੱਚੋ ਮੰਡੀ ਦੇ ‘ਆਪ’ ਵਿਧਾਇਕ ਜਗਸੀਰ ਸਿੰਘ ‘ਤੇ ਟਰੱਕ ਯੂਨੀਅਨ ਤੋਂ ਜ਼ਬਰਦਸਤੀ 60 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵੀ ਲੱਗੇ ਹਨ ਪਰ ਅਜੇ ਤੱਕ ਉਸ ਖਿਲਾਫ ਵੀ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ?
ਜੀਵਨ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟ ਵਿਜੇ ਸਿੰਗਲਾ ਖਿਲਾਫ ਕੀਤੀ ਜਾ ਰਹੀ ਕਾਰਵਾਈ ਮਹਿਜ਼ ਇੱਕ ਦਿਖਾਵਾ ਜਾਪਦਾ ਹੈ। ਜੇਕਰ ਮੁੱਖ ਮੰਤਰੀ ਸੱਚਮੁੱਚ ਹੀ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਹਨ ਤਾਂ ਉਪਰੋਕਤ ਵਿਧਾਇਕਾਂ ਖਿਲਾਫ ਕਾਰਵਾਈ ਕਰਕੇ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਡੱਕਣ।