ਚੰਡੀਗੜ੍ਹ, 27 ਮਈ 2022 – ਨੈਸ਼ਨਲ ਅਚੀਵਮੈਂਟ ਸਰਵੇ ਆਫ਼ ਐਜੂਕੇਸ਼ਨ ਵਿੱਚ ਪੰਜਾਬ ਨੰਬਰ ਇੱਕ ਸੂਬਾ ਬਣ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਪੰਜਾਬ ਤੋਂ ਕਾਫੀ ਪਿੱਛੇ ਰਹਿ ਗਈ ਹੈ। 3ਵੀਂ, 5ਵੀਂ ਅਤੇ 8ਵੀਂ ਜਮਾਤ ਦੇ ਸਾਰੇ 5 ਵਿਸ਼ਿਆਂ ਵਿੱਚ ਪੰਜਾਬ ਟਾਪ ਰਿਹਾ। 10ਵੀਂ ਦੇ ਗਣਿਤ ‘ਚ ਪੰਜਾਬ ਪਹਿਲੇ ਨੰਬਰ ‘ਤੇ ਹੈ। ਪੰਜਾਬ ਨੂੰ 1000 ਵਿੱਚੋਂ 929 ਨੰਬਰ ਮਿਲੇ ਹਨ। ਇਸ ਦੇ ਬਾਵਜੂਦ ਸੀਐਮ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵਧਾਈ ਤੱਕ ਨਹੀਂ ਦਿੱਤੀ। ਜਿਸ ਤੋਂ ਬਾਅਦ ਵਿਰੋਧੀ ਹਮਲਾਵਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮਾਨ ਦਿੱਲੀ ਦੇ ਫੇਲ੍ਹ ਹੋਏ ਸਿੱਖਿਆ ਮਾਡਲ ਨੂੰ ਪੰਜਾਬ ‘ਤੇ ਥੋਪਣਾ ਚਾਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਿਆ ਨੂੰ ਬਦਨਾਮ ਕਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਸਰਵੇਖਣ ਵਿੱਚ 34.01 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ 1.17 ਲੱਖ ਪੰਜਾਬ ਦੇ ਸਨ। ਪੰਜਾਬ 15 ਵਿੱਚੋਂ 10 ਸ਼੍ਰੇਣੀਆਂ ਵਿੱਚ ਸਿਖਰ ’ਤੇ ਆਇਆ ਹੈ।
- ਤੀਜੀ ਜਮਾਤ ਦੇ ਟੈਸਟ ਵਿੱਚ ਪੰਜਾਬ ਨੇ ਭਾਸ਼ਾ ਵਿੱਚ 355, ਗਣਿਤ ਵਿੱਚ 339 ਅਤੇ ਵਾਤਾਵਰਣ ਅਧਿਐਨ ਵਿੱਚ 334 ਅੰਕ ਪ੍ਰਾਪਤ ਕੀਤੇ। ਦਿੱਲੀ ਨੇ ਕ੍ਰਮਵਾਰ 302, 282 ਅਤੇ 288 ਅੰਕ ਪ੍ਰਾਪਤ ਕੀਤੇ।
- ਪੰਜਵੀਂ ਜਮਾਤ ਵਿੱਚ ਪੰਜਾਬ ਨੇ ਭਾਸ਼ਾ ਵਿੱਚ 339, ਗਣਿਤ ਵਿੱਚ 310 ਅਤੇ ਵਾਤਾਵਰਨ ਅਧਿਐਨ ਵਿੱਚ 310 ਅੰਕ ਪ੍ਰਾਪਤ ਕੀਤੇ। ਦਿੱਲੀ ਨੂੰ ਕ੍ਰਮਵਾਰ 304, 273 ਅਤੇ 274 ਨੰਬਰ ਮਿਲੇ ਹਨ।
- 8ਵੀਂ ਜਮਾਤ ਵਿੱਚ ਪੰਜਾਬ ਨੇ ਭਾਸ਼ਾ ਵਿੱਚ 338, ਗਣਿਤ ਵਿੱਚ 297, ਸਾਇੰਸ ਵਿੱਚ 287 ਅਤੇ ਸਮਾਜਿਕ ਵਿਗਿਆਨ ਵਿੱਚ 288 ਅੰਕ ਪ੍ਰਾਪਤ ਕੀਤੇ ਹਨ। ਦਿੱਲੀ ਨੂੰ 316, 253, 257 ਅਤੇ 254 ਨੰਬਰ ਮਿਲੇ ਹਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠ ਅਤੇ ਫਰੇਬ ਦਾ ਪਰਦਾਫਾਸ਼ ਹੋ ਗਿਆ ਹੈ। ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ‘ਆਪ’ ਨੇ ਦਿੱਲੀ ਮਾਡਲ ਨੂੰ ਝੂਠਾ ਪ੍ਰਚਾਰਿਆ। ਜੇਕਰ ਕਾਂਗਰਸ ਨੇ 111 ਦਿਨਾਂ ਦੀ ਬਜਾਏ ਮੇਰੀ ਸਰਕਾਰ ਦੇ ਕੰਮ ਨੂੰ ਅੱਗੇ ਵਧਾਇਆ ਹੁੰਦਾ ਤਾਂ ਉਨ੍ਹਾਂ ਨੂੰ ਬਚਾਅ ਲਈ ਸੰਘਰਸ਼ ਨਾ ਕਰਨਾ ਪੈਂਦਾ।