ਲੁਧਿਆਣਾ, 28 ਮਈ 2022 – ਸ਼ੁੱਕਰਵਾਰ ਦੁਪਹਿਰ 3.15 ਵਜੇ ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਲਿਫਟ ‘ਚ 5 ਵਕੀਲਾਂ ਸਮੇਤ 7 ਲੋਕ ਫਸ ਗਏ। ਕਰੀਬ ਢਾਈ ਘੰਟੇ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਕੰਧ ਤੋੜ ਕੇ ਸੱਤ ਲੋਕਾਂ ਨੂੰ ਬਚਾਇਆ ਗਿਆ।
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉੱਪਰ ਜਾਣ ਦੀ ਉਡੀਕ ਕਰ ਰਹੇ ਲੋਕਾਂ ਨੇ ਦੇਖਿਆ ਕਿ ਕਾਫੀ ਸਮੇਂ ਤੋਂ ਲਿਫਟ ਹੇਠਾਂ ਨਹੀਂ ਆਈ ਸੀ। ਲਿਫਟ ਵਿੱਚ 5 ਵਕੀਲ ਅਤੇ 2 ਕਲਰਕ ਸਨ। ਜਿਵੇਂ ਹੀ ਇਸ ਬਾਰੇ ਹੋਰ ਵਕੀਲਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਲਿਫਟ ਵਿੱਚ ਫਸੇ ਵਕੀਲਾਂ ਨੂੰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ।
ਕਾਫੀ ਸਮਾਂ ਬੀਤ ਜਾਣ ‘ਤੇ ਵੀ ਜਦੋਂ ਲਿਫਟ ਨਾ ਖੁੱਲ੍ਹੀ ਤਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਘਲ, ਵਧੀਕ ਸੈਸ਼ਨ ਜੱਜ ਰਾਜਕੁਮਾਰ, ਸੀਨੀਅਰ ਸਬ ਜੱਜ ਹਰਸਿਮਰਨਜੀਤ ਸਿੰਘ ਅਤੇ ਸੀਜੇਐਮ ਸੁਮਿਤ ਮੱਕੜ ਮੌਕੇ ‘ਤੇ ਪੁੱਜੇ | ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਐਂਬੂਲੈਂਸ ਅਤੇ ਪੁਲਸ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾਇਆ। ਕਾਫੀ ਮਿਹਨਤ ਤੋਂ ਬਾਅਦ ਲਿਫਟ ‘ਚ ਫਸੇ ਸਾਰੇ ਲੋਕਾਂ ਨੂੰ ਕੰਧ ਤੋੜ ਕੇ ਬਚਾਇਆ ਗਿਆ। ਵਕੀਲ ਭਾਰਤ ਭੂਸ਼ਣ ਗੰਭੀਰ, ਅਤੁਲ ਗਿਰੀ, ਸ਼ਾਮ ਲਾਲ ਘਈ ਅਤੇ ਹੋਰ ਲਿਫਟ ਵਿੱਚ ਫਸ ਗਏ ਸਨ।
ਸੂਤਰਾਂ ਦੀ ਮੰਨੀਏ ਤਾਂ ਪਤਾ ਲੱਗਾ ਹੈ ਕਿ ਲੰਬੇ ਸਮੇਂ ਤੋਂ ਲਿਫਟ ਦੀ ਮੁਰੰਮਤ ਨਾ ਹੋਣ ਕਾਰਨ ਸ਼ੁੱਕਰਵਾਰ ਨੂੰ 7 ਲੋਕਾਂ ਦੀ ਜਾਨ ਖਤਰੇ ‘ਚ ਸੀ। ਇਸ ਘਟਨਾ ਤੋਂ ਬਾਅਦ ਵਕੀਲਾਂ ਵਿੱਚ ਪ੍ਰਸ਼ਾਸਨ ਦੀ ਇਸ ਲਾਪ੍ਰਵਾਹੀ ਨੂੰ ਲੈ ਕੇ ਗੁੱਸਾ ਹੈ। ਵਕੀਲਾਂ ਨੇ ਦੱਸਿਆ ਕਿ ਲਿਫਟ ਹਰ ਰੋਜ਼ ਖਰਾਬ ਹੋ ਜਾਂਦੀ ਹੈ। ਕੁਝ ਦਿਨ ਪਹਿਲਾਂ ਵੀ ਲਿਫਟ ‘ਚ ਕੁਝ ਲੋਕ ਫਸ ਗਏ ਸਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਿਫਟ ਦੀ ਮੁਰੰਮਤ ਦਾ ਕੰਮ ਸਮੇਂ ਸਿਰ ਕਰਵਾਇਆ ਜਾਵੇ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਪੇਸ਼ ਨਾ ਆਵੇ।