ਲੁਧਿਆਣਾ, 28 ਮਈ 2022 – ਕੱਟੜਪੰਥੀਆਂ ਖਿਲਾਫ ਸੁਰਖੀਆਂ ਬਟੋਰਨ ਵਾਲੇ ਕਾਂਗਰਸੀ ਆਗੂ ਗੁਰਸਿਮਰਨ ਮੰਡ ਖਿਲਾਫ ਪੁਲਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ। ਇਹ ਅਪਰਾਧਿਕ ਮਾਮਲਾ ਸਾਢੇ ਤਿੰਨ ਸਾਲ ਪਹਿਲਾਂ ਵਾਪਰੀ ਇੱਕ ਘਟਨਾ ਵਿੱਚ ਦਰਜ ਕੀਤਾ ਗਿਆ ਹੈ। ਦਰਅਸਲ, ਮੰਡ ਨੇ ਆਪਣੀ ਪੱਗ ਲਾਹ ਕੇ ਸਲੇਮ ਟਾਬਰੀ ਦੇ ਇੱਕ ਪਾਰਕ ਵਿੱਚ ਰਾਜੀਵ ਗਾਂਧੀ ਦੇ ਬੁੱਤ ‘ਤੇ ਲਾਈ ਗਈ ਕਾਲਖ ਨੂੰ ਸਾਫ਼ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਸਿੱਖ ਸਨਮਾਨ ਨੂੰ ਲੈ ਕੇ ਅਪਸ਼ਬਦ ਬੋਲੇ ਸਨ।
ਅਰਬਨ ਅਸਟੇਟ ਦੁੱਗਰੀ ਦੇ ਇੱਕ ਵਿਅਕਤੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਹੁਣ ਪੁਲੀਸ ਨੇ ਗੁਰਸਿਮਰਨ ਮੰਡ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 25 ਦਸੰਬਰ 2018 ਨੂੰ ਤਤਕਾਲੀ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਆਪਣੇ ਸਾਥੀ ਨਾਲ ਮਿਲ ਕੇ ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ ਲੈ ਉਸ ਦਾ ਪੁਤਲਾ ਫੂਕਿਆ ਸੀ ਅਤੇ ਉਥੋਂ ਚਲੇ ਗਏ ਸਨ। ਇਸ ਉਪਰੰਤ ਮੰਡ ਨੇ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚ ਕੇ ਪੱਗ ਉਤਾਰ ਕੇ ਸਫ਼ਾਈ ਕੀਤੀ ਸੀ। ਇਸ ਤੋਂ ਬਾਅਦ ਕਈ ਕਾਂਗਰਸੀ ਆਗੂ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ ਵੀ ਮੌਕੇ ‘ਤੇ ਪਹੁੰਚ ਗਏ ਸਨ ਅਤੇ ਬਾਅਦ ‘ਚ ਇਸ ਬੁੱਤ ਨੂੰ ਸਾਫ਼ ਕਰਕੇ ਦੁਬਾਰਾ ਪੇਂਟ ਕੀਤਾ ਗਿਆ। ਉਦੋਂ ਵੀ ਮੰਡ ਵੱਲੋਂ ਪੱਗ ਤੋਂ ਫੱਟੀ ਸਾਫ਼ ਕਰਨ ਨੂੰ ਲੈ ਕੇ ਵਿਵਾਦ ਹੋਇਆ ਸੀ।
ਦੁੱਗਰੀ ਨਿਵਾਸੀ ਮਨਮੀਤ ਸਿੰਘ ਨੇ ਇਸ ਸਬੰਧੀ 12 ਜੁਲਾਈ 2021 ਨੂੰ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਗੁਰਸਿਮਰਨ ਸਿੰਘ ਮੰਡ ਨੇ ਦਸਤਾਰ ਨਾਲ ਬੁੱਤ ਸਾਫ਼ ਕਰਕੇ ਰਾਜੀਵ ਗਾਂਧੀ ਨੂੰ ਗੁਰੂ ਸਾਹਿਬਾਨ ਤੋਂ ਉੱਪਰ ਦੱਸਿਆ ਸੀ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਭਾਸ਼ਣ ਕਾਰਨ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚੀ ਸੀ। ਸ਼ਿਕਾਇਤ ਦੇ ਨਾਲ ਮੰਡ ਦੇ ਬਿਆਨਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਵੀ ਦਿੱਤੀਆਂ ਗਈਆਂ ਸਨ।
ਪੁਲੀਸ ਨੇ ਗੁਰਸਿਮਰਨ ਸਿੰਘ ਮੰਡ ਖ਼ਿਲਾਫ਼ ਥਾਣਾ ਸਲੇਮ ਟਾਬਰੀ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਗਗਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮੰਡ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।