ਪਟਿਆਲਾ, 29 ਮਈ 2022 – ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਨਸ਼ਾ ਤਸਕਰ ਜਗਦੀਸ਼ ਭੋਲਾ ਨੂੰ ਪਟਿਆਲਾ ਜੇਲ੍ਹ ਤੋਂ ਗੁਰਦਾਸਪੁਰ ਭੇਜ ਦਿੱਤਾ ਹੈ। ਭੋਲਾ ਕਰੀਬ 6000 ਕਰੋੜ ਦੇ ਸਿੰਥੈਟਿਕ ਡਰੱਗ ਰੈਕੇਟ ਦਾ ਹਿੱਸਾ ਹੈ। ਜੇਲ੍ਹ ‘ਚ ਬੰਦ ਭੋਲੇ ਕੋਲੋਂ ਮੋਬਾਈਲ ਮਿਲਿਆ ਸੀ, ਮਿਲੀ ਜਾਣਕਾਰੀ ਅਨੁਸਾਰ ਇਹ ਮੋਬਾਈਲ ਉਸ ਕੋਲੋਂ ਦੋ ਦਿਨ ਪਹਿਲਾਂ ਹੀ ਮਿਲਿਆ ਸੀ। ਅਸਲ ‘ਚ ਰੋਡ ਰੇਜ ਕੇਸ ਵਿੱਚ ਪਟਿਆਲਾ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨਵਜੋਤ ਸਿੱਧੂ ਵੀ ਬੰਦ ਹਨ। ਜੋ ਲਗਾਤਾਰ ਨਸ਼ਿਆਂ ਦੇ ਕੋਹੜ ਖਿਲਾਫ ਆਵਾਜ਼ ਬੁਲੰਦ ਕਰ ਰਹੇ ਹਨ।
ਜੇਲ੍ਹ ਅਧਿਕਾਰੀਆਂ ਦਾ ਮੰਨਣਾ ਹੈ ਕਿ ਭੋਲਾ ਤੋਂ ਮੋਬਾਈਲ ਮਿਲਣ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਇਸ ਲਈ ਇਹ ਕਦਮ ਚੁੱਕਿਆ ਗਿਆ ਹੈ। ਪਹਿਲਾਂ ਹੀ ਸੁਰੱਖਿਆ ਕਾਰਨ ਸਿੱਧੂ ਨੂੰ ਫੈਕਟਰੀ ਵਿੱਚ ਕੰਮ ‘ਤੇ ਨਹੀਂ ਰੱਖਿਆ ਜਾ ਰਿਹਾ ਹੈ। ਸਿੱਧੂ ਵੱਲੋਂ ਬੈਰਕ ਤੋਂ ਹੀ ਜੇਲ੍ਹ ਦਫ਼ਤਰ ਦਾ ਕੰਮ ਕਰਵਾਇਆ ਜਾ ਰਿਹਾ ਹੈ।
ਜਗਦੀਸ਼ ਭੋਲਾ ਦੇ ਇਰਾਦੇ ਪੰਜਾਬ ਪੁਲਿਸ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਭੋਲਾ ਨੂੰ ਮੋਬਾਈਲ ਕਿੱਥੋਂ ਮਿਲਿਆ, ਕਿਸ ਨੂੰ ਫ਼ੋਨ ਕੀਤਾ ?, ਇਸ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਕੀ ਉਹ ਜੇਲ੍ਹ ਵਿੱਚੋਂ ਨਸ਼ਾ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਸੀ ਜਾਂ ਕੋਈ ਹੋਰ ਸਾਜ਼ਿਸ਼ ਰਚ ਰਿਹਾ ਸੀ, ਇਸ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਸਿੱਧੂ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਮਜੀਠੀਆ ਵੀ ਇਸ ਜੇਲ੍ਹ ਵਿੱਚ ਹਨ। ਜਿਸ ‘ਤੇ ਜਗਦੀਸ਼ ਭੋਲਾ ਨੇ ਨਸ਼ਾ ਤਸਕਰੀ ‘ਚ ਮਦਦ ਕਰਨ ਦਾ ਦੋਸ਼ ਲਗਾਇਆ ਸੀ।
ਜਗਦੀਸ਼ ਭੋਲਾ ਪਟਿਆਲਾ ਜੇਲ੍ਹ ਦੀ ਬੈਰਕ ਨੰਬਰ 20 ਵਿੱਚ ਬੰਦ ਹੈ। ਜਦੋਂ ਜੇਲ੍ਹ ਸਟਾਫ਼ ਨੇ ਛਾਪਾ ਮਾਰਿਆ ਤਾਂ ਉਸ ਨੇ ਸਿਮ ਗਾਇਬ ਕਰ ਦਿੱਤਾ। ਹਾਲਾਂਕਿ ਪੁਲਸ ਨੇ ਸਮਾਰਟਫੋਨ ਜ਼ਬਤ ਕਰ ਲਿਆ ਹੈ। ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ। ਪਟਿਆਲਾ ਪੁਲਿਸ ਭੋਲਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਵੀ ਕਰੇਗੀ।
ਭੋਲਾ ਅੰਤਰਰਾਸ਼ਟਰੀ ਪਹਿਲਵਾਨ ਰਹਿ ਚੁੱਕਾ ਹੈ। ਇਸ ਤੋਂ ਬਾਅਦ ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਭਰਤੀ ਹੋਇਆ ਸੀ। ਹਾਲਾਂਕਿ, ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਉਹ ਇੱਕ ਨਸ਼ਾ ਤਸਕਰੀ ਰੈਕੇਟ ਵਿੱਚ ਸ਼ਾਮਲ ਸੀ। ਇਹ ਰੈਕੇਟ ਹਿਮਾਚਲ ਦੀਆਂ ਫੈਕਟਰੀਆਂ ਵਿੱਚ ਸਿੰਥੈਟਿਕ ਡਰੱਗ ਤਿਆਰ ਕਰਕੇ ਕੈਨੇਡਾ, ਅਮਰੀਕਾ ਤੱਕ ਪਹੁੰਚਾਉਂਦਾ ਸੀ। ਪੁਲੀਸ ਨੇ ਭੋਲਾ ਨੂੰ 2013 ਵਿੱਚ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਉਹ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ।
ਪਟਿਆਲਾ ਜੇਲ੍ਹ ਦੇ ਸੁਪਰਡੈਂਟ ਮਨਪ੍ਰੀਤ ਟਿਵਾਣਾ ਨੇ ਦੱਸਿਆ ਕਿ ਭੋਲਾ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਜੋ ਕਿ ਜੇਲ੍ਹ ਨਿਯਮਾਂ ਦੇ ਖ਼ਿਲਾਫ਼ ਹੈ। ਇਸ ਲਈ ਉਸ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ।