ਮਾਨਸਾ, 1 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ 2 ਗੈਂਗਸਟਰ ਹਿਰਾਸਤ ‘ਚ ਲਏ ਹਨ। ਦੋਵੇਂ ਹੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਏ ਸਨ। ਉਨ੍ਹਾਂ ‘ਤੇ ਮੂਸੇਵਾਲਾ ਦੇ ਕਤਲ ‘ਚ ਸ਼ਾਮਲ ਹੋਣ ਦਾ ਸ਼ੱਕ ਹੈ। ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੇਲ ‘ਚ ਬੰਦ ਹੋਰ ਗੈਂਗਸਟਰਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਸ ਨੇ ਇਹਨਾਂ ਨੂੰ ਹਿਰਾਸਤ ‘ਚ ਲਿਆ ਹੈ। ਇਸ ਦੇ ਨਾਲ ਹੀ ਪੁਲਸ ਨੇ ਇਸ ਮਾਮਲੇ ‘ਚ ਹੁਣ ਤੱਕ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ‘ਤੇ ਹਮਲਾਵਰਾਂ ਨੂੰ ਵਾਹਨ ਅਤੇ ਹਥਿਆਰਾਂ ਸਮੇਤ ਹੋਰ ਸਾਮਾਨ ਮੁਹੱਈਆ ਕਰਵਾਉਣ ਦਾ ਸ਼ੱਕ ਹੈ।
ਮੂਸੇਵਾਲਾ ਕਤਲ ਕਾਂਡ ਪੰਜਾਬ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਘਟਾਏ ਜਾਣ ਤੋਂ ਅਗਲੇ ਹੀ ਦਿਨ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਇਸ ਮਾਮਲੇ ਵਿੱਚ ਹੁਣ ਤੱਕ ਜਲੰਧਰ, ਬਠਿੰਡਾ ਸਮੇਤ ਵੱਖ-ਵੱਖ ਥਾਵਾਂ ਤੋਂ ਕਰੀਬ 20 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਹਾਲਾਂਕਿ ਅਜੇ ਤੱਕ ਪੁਲਿਸ ਉਨ੍ਹਾਂ ਕਾਤਲਾਂ ਨੂੰ ਨਹੀਂ ਫੜ ਸਕੀ, ਜਿਨ੍ਹਾਂ ਨੇ ਮੂਸੇਵਾਲਾ ਦੀ ਥਾਰ ਨੂੰ ਘੇਰ ਕੇ ਉਸ ਦਾ ਕਤਲ ਕਰ ਦਿੱਤਾ ਸੀ।
ਮੂਸੇਵਾਲਾ ਕਤਲ ਕਾਂਡ ਵਿੱਚ ਹੁਣ ਤੱਕ ਪੁਲਿਸ ਸਿਰਫ਼ ਮਨਪ੍ਰੀਤ ਭਾਊ ਨੂੰ ਹੀ ਗ੍ਰਿਫ਼ਤਾਰ ਕਰ ਸਕੀ ਹੈ। ਭਾਉ ਢਪਈ ਪਿੰਡ ਦਾ ਵਸਨੀਕ ਹੈ। ਉਸ ਦਾ ਪਿੰਡ ਮਾਨਸਾ ਦੇ ਪਿੰਡ ਜਵਾਹਰਕੇ ਕੋਲ ਹੈ, ਜਿੱਥੇ ਮੂਸੇਵਾਲਾ ਨੂੰ ਘੇਰ ਕੇ ਮਾਰ ਦਿੱਤਾ ਗਿਆ ਸੀ। ਮਨਪ੍ਰੀਤ ਨੂੰ ਉੱਤਰਾਖੰਡ STF ਦੀ ਮਦਦ ਨਾਲ ਦੇਹਰਾਦੂਨ ਤੋਂ ਫੜਿਆ ਗਿਆ ਸੀ। ਉਹ 5 ਦਿਨਾਂ ਦੇ ਰਿਮਾਂਡ ‘ਤੇ ਹੈ। ਪੁਲੀਸ ਇਸ ਮਾਮਲੇ ਵਿੱਚ ਮਨਪ੍ਰੀਤ ਮੰਨਾ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਜੇਲ੍ਹ ਵਿੱਚੋਂ ਲੈ ਗਈ ਹੈ। ਮੰਨਾ ‘ਤੇ ਮੂਸੇਵਾਲਾ ਦੇ ਕਾਤਲਾਂ ਨੂੰ ਕੋਰੋਲਾ ਕਾਰ ਦੇਣ ਦਾ ਦੋਸ਼ ਹੈ।