ਲੁਧਿਆਣਾ, 1 ਜੂਨ 2022 – ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਟਰੈਫਿਕ ਪੁਲੀਸ ਨੇ ਨਾਬਾਲਗ ਸਵਿਫਟ ਕਾਰ ਚਾਲਕ ਦੇ ਪਿਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਲਾਡੋਵਾਲ ਬਾਈਪਾਸ ’ਤੇ ਨਾਕੇ ’ਤੇ ਇੱਕ ਸਵਿਫਟ ਕਾਰ ਸਵਾਰ ਨੂੰ ਰੋਕਿਆ ਗਿਆ। ਪੁਲੀਸ ਨੇ ਉਸ ਕੋਲੋਂ ਕਾਗਜ਼ਾਤ ਮੰਗੇ ਪਰ ਉਹ ਨਹੀਂ ਦਿਖਾ ਸਕਿਆ। ਡਰਾਈਵਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਲਾਇਸੈਂਸ ਅਜੇ ਜਾਰੀ ਨਹੀਂ ਹੋਇਆ ਹੈ।
ਇਹ ਪਤਾ ਲੱਗਦਿਆਂ ਹੀ ਪੁਲਿਸ ਨੇ ਡਰਾਈਵਰ ਦੇ ਪਿਤਾ ਨੂੰ ਫ਼ੋਨ ਕੀਤਾ, ਜਿਸ ਤੋਂ ਪਤਾ ਲੱਗਾ ਕਿ ਕਾਰ ਚਲਾ ਰਿਹਾ ਲੜਕਾ 17 ਸਾਲ ਦਾ ਹੈ। ਪੁਲਸ ਨੇ ਕਾਰਵਾਈ ਕਰਦੇ ਹੋਏ ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਉਪਕਾਰ ਨਗਰ ਦਾ ਰਹਿਣ ਵਾਲਾ ਹੈ। ਮੁਲਜ਼ਮ ਦਾ ਨਾਂ ਅਸ਼ਵਨੀ ਨਰੂਲਾ ਹੈ। ਥਾਣਾ ਲਾਡੋਵਾਲ ਦੀ ਪੁਲੀਸ ਨੇ ਏਐਸਆਈ ਵਿਕਰਮਜੀਤ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
ਵਿਕਰਮਜੀਤ ਦਾ ਕਹਿਣਾ ਹੈ ਕਿ ਉਹ ਲਾਡੋਵਾਲ ਬਾਈਪਾਸ ‘ਤੇ ਡਿਊਟੀ ‘ਤੇ ਸੀ। ਫਿਰ ਉਸ ਨੇ ਸ਼ੱਕ ਦੇ ਆਧਾਰ ‘ਤੇ ਸਵਿਫਟ ਕਾਰ ਨੂੰ ਰੋਕਿਆ। ਡਰਾਈਵਰ ਕੋਲ ਡਰਾਈਵਿੰਗ ਲਾਇਸੰਸ ਨਹੀਂ ਸੀ। ਪਛਾਣ ਪੱਤਰ ‘ਤੇ ਉਸ ਦੀ ਉਮਰ ਵੀ 17 ਸਾਲ ਦਰਜ ਸੀ। ਪਿਤਾ ਨੇ ਉਸਨੂੰ ਗੱਡੀ ਚਲਾਉਣ ਲਈ ਦਿੱਤੀ ਹੈ। ਨੌਜਵਾਨ ਦੇ ਪਿਤਾ ਨੇ ਅਜਿਹਾ ਕਰਕੇ ਮੋਟਰ ਵਹੀਕਲ ਐਕਟ ਦੀ ਉਲੰਘਣਾ ਕੀਤੀ ਹੈ।
ਇਸ ਲਈ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਕਾਰਵਾਈ ਜਾਰੀ ਰਹੇਗੀ।