ਮਾਨਸਾ, 2 ਜੂਨ 2022 – ਮੂਸੇਵਾਲਾ ਦਾ ਮਾਨਸਾ ਵਿੱਚ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਹੀ ਵੱਖ-ਵੱਖ ਸਿਆਸੀ ਆਗੂ ਉਹਨਾਂ ਦੇ ਘਰ ਪੁੱਜ ਕੇ ਅਫਸੋਸ ਕਰ ਰਹੇ ਹਨ।
ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਸੰਬੰਧੀ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਲਈ ਬੀਜੇਪੀ ਦੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਕੁਮਾਰ ਜਾਖੜ, ਰਵੀਪ੍ਰੀਤ ਸਿੰਘ ਤਲਵੰਡੀ ਸਾਬੋ ਸਮੇਤ ਕਈ ਹੋਰ ਭਾਜਪਾ ਆਗੂਆਂ ਨੇ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਸਮੇਤ ਹੋਰਨਾਂ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ।
ਇਸ ਤੋਂ ਪਹਿਲਾਂ ਸਵੇਰੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਉਸ ਦੇ ਪਿਤਾ ਬਲਕੌਰ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ।
ਇਸ ਤੋਂ ਬਿਨਾ ਸਿੱਧੂ ਦੇ ਕਤਲ ਕੇਸ ‘ਚ ਬਣਾਈ ਗਈ ਐੱਸ .ਆਈ.ਟੀ. ਦੇ ਇੰਚਾਰਜ ਆਈ.ਜੀ. ਜਸਕਰਨ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਬਾਕੀ ਮੈਂਬਰ ਵੀ ਪਿੰਡ ਮੂਸਾ ਪੁੱਜੇ ਸਨ ਅਤੇ ਇਸ ਕੇਸ ਬਾਰੇ ਸਾਰੀ ਜਾਣਕਾਰੀ ਲਈ ਸੀ।