ਪਟਿਆਲਾ, 3 ਜੂਨ 2022 – ਥਾਣਾ ਸਦਰ ਨਾਭਾ ਦੀ ਪੁਲੀਸ ਨੇ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਖ਼ਿਲਾਫ਼ ਦੋ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਡਿਪਟੀ ਸੁਪਰਡੈਂਟ ਨੇ ਕੈਦੀਆਂ ਤੋਂ ਕਰੀਬ ਦੋ ਲੱਖ ਰੁਪਏ ਦੀ ਰਿਸ਼ਵਤ ਲਈ ਸੀ। ਜਿਸ ਕਾਰਨ ਥਾਣਾ ਸਦਰ ਨਾਭਾ ਦੀ ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿੱਚ ਬੰਦ ਹਵਾਲਾਤੀ ਭਵਨੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਡੀਜੀਪੀ ਜੇਲ੍ਹ ਨੂੰ ਸ਼ਿਕਾਇਤ ਦਿੱਤੀ ਸੀ।
ਸਾਬਕਾ ਏਡੀਜੀਪੀ (ਜੇਲ੍ਹਾਂ) ਵਰਿੰਦਰ ਕੁਮਾਰ, ਜਿਨ੍ਹਾਂ ਨੂੰ ਹੁਣ ਵਿਜੀਲੈਂਸ ਬਿਊਰੋ ਦਾ ਚੀਫ਼ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ, ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਇਸ ਸਬੰਧੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲੀਸ (ਜੇਲ੍ਹਾਂ) ਦੇ ਹੁਕਮਾਂ ’ਤੇ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਸਨ। ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਜਾਣ ‘ਤੇ ਥਾਣਾ ਸਦਰ ਨਾਭਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸਐਸਪੀ ਪਟਿਆਲਾ ਦੀਪਕ ਪਾਰੀਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਸਿੰਘ ਖ਼ਿਲਾਫ਼ ਥਾਣਾ ਸਦਰ ਨਾਭਾ ਵਿੱਚ ਕੇਸ ਦਰਜ ਕੀਤਾ ਗਿਆ ਹੈ।