ਸਿੱਧੂ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ: ਭਗਵੰਤ ਮਾਨ

  • “ਮੇਰੇ ਲਈ ਪੰਜਾਬੀਅਤ ਤੇ ਇਨਸਾਨੀਅਤ ਅਹਿਮ, ਜਿਹੜੇ ਵੀ ਸਿਆਸਤ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ”
  • ਮੁੱਖ ਮੰਤਰੀ ਨੇ ਮਰਹੂਮ ਗਾਇਕ ਦੇ ਜੱਦੀ ਪਿੰਡ ਵਿੱਚ ਪਰਿਵਾਰ ਨਾਲ ਦੁੱਖ ਵੰਡਾਇਆ

ਚੰਡੀਗੜ੍ਹ, 3 ਜੂਨ 2022 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਹਿਦ ਲਿਆ ਕਿ ਨੌਜਵਾਨ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾਂ ਪਿੱਛੇ ਹੋਣਗੇ।

ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਿੱਧੂ ਮੂਸੇਵਾਲਾ ਦੇ ਜੱਦੀ ਪਿੰਡ ਪੁੱਜੇ ਮੁੱਖ ਮੰਤਰੀ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਅਹਿਮ ਸਬੂਤ ਮਿਲੇ ਹਨ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਸ ਘਿਨਾਉਣੇ ਕਤਲ ਦੇ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਇਕ ਪ੍ਰਤੀਭਾਸ਼ਾਲੀ ਕਲਾਕਾਰ ਸੀ, ਜਿਸ ਕੋਲ ਹਰੇਕ ਨੂੰ ਕੀਲ੍ਹਣ ਵਾਲੀ ਆਵਾਜ਼ ਤੇ ਕਮਾਲ ਦੀ ਸਿਰਜਣਾਤਮਕਤਾ ਸੀ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੀ ਅਚਨਚੇਤੀ ਤੇ ਦੁਖਦ ਮੌਤ ਨਾਲ ਸੰਗੀਤ ਜਗਤ ਨੂੰ ਖ਼ਾਸ ਤੌਰ ਉਤੇ ਉਸ ਦੇ ਪ੍ਰਸੰਸਕਾਂ ਨੂੰ ਵੱਡਾ ਝਟਕਾ ਲੱਗਿਆ ਹੈ। ਭਗਵੰਤ ਮਾਨ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿੱਚ ਸੂਬਾ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਛੇਤੀ ਤੋਂ ਛੇਤੀ ਫੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਪੰਜਾਬੀਅਤ ਤੇ ਇਨਸਾਨੀਅਤ ਨੂੰ ਆਪਣੀ ਸਭ ਤੋਂ ਪਹਿਲੀ ਤਰਜੀਹ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਿਆਸਤ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ।ਭਗਵੰਤ ਮਾਨ ਨੇ ਝੋਰਾ ਪ੍ਰਗਟਾਇਆ ਕਿ ਕੁੱਝ ਲੋਕ ਇਸ ਨੌਜਵਾਨ ਗਾਇਕ ਦੀ ਦੁਖਦ ਹੱਤਿਆ ਉਤੇ ਬੇਸ਼ਰਮੀ ਨਾਲ ਸਿਆਸਤ ਕਰ ਰਹੇ ਹਨ, ਜਿਹੜੀ ਬੇਲੋੜੀ ਤੇ ਇਤਰਾਜ਼ਯੋਗ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਲੋਕ ਹਨ, ਜਿਹੜੇ ਪਹਿਲਾਂ ਇਸ ਮਹਾਨ ਗਾਇਕ ਦੀ ਵੱਖ-ਵੱਖ ਮਸਲਿਆਂ ਉਤੇ ਜ਼ੋਰ-ਸ਼ੋਰ ਨਾਲ ਆਲੋਚਨਾ ਕਰਦੇ ਸਨ ਪਰ ਹੁਣ ਘਟੀਆ ਪ੍ਰਚਾਰ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਅਜਿਹੇ ਘੜੰਮ ਚੌਧਰੀ ਲੀਡਰਾਂ ਦੇ ਕੋਝੇ ਹਥਕੰਡਿਆਂ ਤੋਂ ਵਾਕਫ਼ ਹਨ ਅਤੇ ਉਹ ਇਨ੍ਹਾਂ ਦੇ ਛਲਾਵੇ ਵਿੱਚ ਨਹੀਂ ਆਉਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਡੀ.ਜੀ.ਪੀ. ਨੂੰ ਪਹਿਲਾਂ ਹੀ ਇਸ ਕੇਸ ਦੀ ਜਾਂਚ ਤੇਜ਼ ਕਰਨ ਲਈ ਕਹਿ ਦਿੱਤਾ ਹੈ ਤਾਂ ਕਿ ਦੋਸ਼ੀਆਂ ਨੂੰ ਫੜਿਆ ਜਾ ਸਕੇ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪਰਿਵਾਰ ਦੀ ਮੰਗ ਉਤੇ ਉਨ੍ਹਾਂ ਪਹਿਲਾਂ ਹੀ ਇਸ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਦੀ ਅਗਵਾਈ ਵਿੱਚ ਨਿਆਇਕ ਜਾਂਚ ਲਈ ਕਾਰਵਾਈ ਅਰੰਭ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਇਸ ਕਤਲ ਦੇ ਅਪਰਾਧੀਆਂ ਨੂੰ ਫੜਨ ਲਈ ਸ਼ੁਰੂ ਤੋਂ ਪੂਰੇ ਜ਼ੋਰ-ਸ਼ੋਰ ਨਾਲ ਕੋਸ਼ਿਸ਼ਾਂ ਕਰ ਰਹੀ ਹੈ।

ਸਿੱਧੂ ਮੂਸੇਵਾਲਾ ਦੀ ਹੱਤਿਆ ਉਤੇ ਦੁੱਖ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਇਹ ਮੌਤ ਸੂਬੇ ਲਈ ਵੱਡਾ ਘਾਟਾ ਹੈ ਅਤੇ ਪਰਮਾਤਮਾ ਤੋਂ ਬਖ਼ਸ਼ਿਸ਼ ਪ੍ਰਾਪਤ ਇਸ ਕਲਾਕਾਰ ਦੀ ਹੱਤਿਆ ਨਾਲ ਜਿਹੜਾ ਘਾਟਾ ਪਿਆ ਹੈ, ਉਸ ਨੂੰ ਕਦੇ ਪੂਰਿਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਈ ਰਾਜੋਆਣਾ ਦੀ ਭੈਣ ਵੱਲੋਂ ਸੰਗਰੂਰ ਜ਼ਿਮਨੀ ਚੋਣ ਚੋਣ ਲੜਨ ਤੋਂ ਇਨਕਾਰ

ਆਮ ਆਦਮੀ ਪਾਰਟੀ ਨੇ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਦਾ ਨਾਂਅ ਐਲਾਨਿਆ